ਸੂਬੇ ਭਰ ‘ਚ ਜਲਦ ਕੋਰੋਨਾ ਵੈਕਸੀਨੇਸ਼ਨ ਦੇ ਪਹਿਲੇ ਪੜਾਅ ਦੀ ਕੀਤੀ ਜਾਵੇਗੀ ਸ਼ੁਰੂਆਤ – ਡਿਪਟੀ ਕਮਿਸ਼ਨਰ
ਨਿਊਜ਼ ਪੰਜਾਬ
ਲੁਧਿਆਣਾ, 16 ਦਸੰਬਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।
ਡਿਪਟੀ ਕਮਿਸ਼ਨਰ ਨੇ ਲਾਈਵ ਸੈਂਸ਼ਨ ਦੀ ਸ਼ੁਰੂਆਤ ਵਿੱਚ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਾਸੀਆਂ ਦੇ ਸਿਹਤ ਜਾਬਤੇ ਲਈ ਯਤਨਸ਼ੀਲ ਹੈ, ਜਿਸਦੇ ਤਹਿਤ ਸੂਬੇ ਭਰ ਵਿਚ ਜਲਦ ਕੋਰੋਨਾ ਵੈਕਸੀਨੇਸ਼ਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਸਰਕਾਰੀ ਸਿਹਤ ਕਰਮੀਆਂ ਦੀ ਰਜਿਸਟ੍ਰੇਸ਼ਨ 100 ਫੀਸਦ ਹੋ ਚੁੱਕੀ ਹੈ। ਉਨ੍ਹਾਂ ਫੇਸਬੁੱਕ ਲਾਈਵ ਦੇ ਮਾਧਿਅਮ ਰਾਹੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਅਧੀਨ ਨਿੱਜੀ ਹਸਪਤਾਲਾਂ ਦੇ ਸਿਹਤ ਕਰਮੀਆਂ ਦੀ ਰਜਿਸਟ੍ਰੇ਼ਸ਼ਨ ਪ੍ਰਕਿਰਿਆ ਵੀ ਜਲਦ ਮੁਕੰਮਲ ਕਰਵਾ ਲਈ ਜਾਵੇ।
ਜ਼ਿਕਰਯੋਗ ਹੈ ਕਿ ਰਜਿਸਟ੍ਰੇਸ਼ਨ ਹੋਣ ਦੇ ਨਾਲ ਇੱਕ ਕੋਡ ਪ੍ਰਾਪਤ ਹੋਵੇਗਾ, ਉਸੇ ਕੋਡ ਅਨੁਸਾਰ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਗਿਣ-ਮਿੱਥ ਕੇ ਵੈਕਸੀਨ ਦੀ ਡੋਜ਼ ਪ੍ਰਾਪਤ ਹੋਵੇਗੀ।
ਸ੍ਰੀ ਸ਼ਰਮਾ ਨੇ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਜ਼ਿਲ੍ਹਾ ਲੁਧਿਆਣਾ ਦੇ ਸੂਝਵਾਨ ਵਸਨੀਕਾਂ ਵੱਲੋਂ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਪਾਉਣਾ, ਆਪਸੀ ਵਿੱਥ ਤੇ ਹੱਥਾਂ ਦੀ ਸਫਾਈ ਰੱਖਣਾ ਆਦਿ ਦੀ ਗੰਭੀਰਤਾ ਨਾਲ ਪਾਲਣਾ ਕਰਦਿਆਂ ਦੂਜੀ ਲਹਿਰ ‘ਤੇ ਕਾਬੂ ਪਾਉਣ ਵਿੱਚ ਪੂਰਨ ਸਹਿਯੋਗ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਦਸੰਬਰ ਮਹੀਨੇ ਦੇ ਦੂਜ਼ੇ ਹਫ਼ਤੇ ਇਸ ਮਹਾਂਮਾਰੀ ਦਾ ਪ੍ਰਕੋਪ ਵੱਧ ਸਕਦਾ ਹੈ, ਪਰ ਉਹ ਨਹੀਂ ਵਧੇ ਜਿਸਦਾ ਸਿਹਰਾ ਸਿਹਤ ਵਿਭਾਗ, ਪੁਲਿਸ ਪ੍ਰਸਾਸ਼ਨ ਦੇ ਨਾਲ-ਨਾਲ ਵਸਨੀਕਾਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੀ।
ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਵਸਨੀਕਾਂ ਨੂੰ ਇੱਕ ਵਾਰ ਫੇਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਣ ‘ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ ਤਾਂ ਜੋ ਅਸੀਂ ਆਪਣਾ ਤੇ ਆਪਣਿਆਂ ਦਾ ਬਚਾਅ ਕਰ ਸਕੀਏ।