ਗਹੌਰ(ਲੁਧਿਆਣਾ) ਜੰਮਪਲ ਤੇ ਪੰਜਵੀਂ ਵਾਰ ਵਿਧਾਇਕ ਬਣੇ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਪੀਕਰ ਨਾਮਜ਼ਦ 

ਲੁਧਿਆਣਾ: 4 ਦਸੰਬਰ ( ਨਿਊਜ਼ ਪੰਜਾਬ)

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਹੌਰ ਦਾ ਜੰਮਪਲ ਰਾਜ ਚੌਹਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਸੈਂਬਲੀ ਚ ਸਪੀਕਰ ਨਾਮਜ਼ਦ ਕੀਤਾ ਗਿਆ ਹੈ।
ਰਾਜ ਚੌਹਾਨ ਆਰੀਆ ਕਾਲਿਜ ਲੁਧਿਆਣਾ ਤੋਂ ਗਰੈਜੂਏਸ਼ਨ ਕਰਕੇ ਕੈਨੇਡਾ ਚਲੇ ਗਏ ਸੀ। ਐਨ ਡੀ ਪੀ ਪਾਰਟੀ ਵੱਲੋਂ  ਬਰਨਬੀ ਐਡਮੰਡਜ ਤੋ ਐਮ ਐਲ ਏ ਬਣੇ ਰਾਜ ਚੌਹਾਨ ਨੂੰ ਬੀ ਸੀ ਵਿਧਾਨ ਸਭਾ ਦਾ ਸਪੀਕਰ ਨਾਮਜ਼ਦ ਕੀਤਾ ਗਿਆ ਹੈ।  ਬ੍ਰਿਟਿਸ਼ ਕੋਲੰਬੀਆ  ਦੇ ਪ੍ਰੀਮੀਅਰ ਜੌਹਨ ਹੋਰਗਨ ਨੇ ਦੱਸਿਆ ਹੈ ਕਿ ਰਾਜ ਚੌਹਾਨ ਦਾ ਨਾਮ ਸੋਮਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਵਜੋਂ ਪੇਸ਼ ਕੀਤਾ ਜਾਵੇਗਾ। ਰਾਜ ਚੌਹਾਨ ਪਹਿਲੀ ਵਾਰ 2005 ਵਿਚ ਐਮ ਐਲ ਏ ਬਣੇ ਸਨ ਤੇ ਉਹ ਬਰਨਬੀ ਤੋ ਲਗਾਤਾਰ ਪੰਜ ਵਾਰ ਐਮ ਐਲ ਏ ਬਣ ਚੁੱਕੇ ਹਨ।
ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ਕੈਨੇਡੀਅਨ ਫਾਰਮ ਵਰਕਰਜ ਯੂਨੀਅਨ ਦੇ ਬਾਨੀ ਪ੍ਰਧਾਨ ਸਨ ਅਤੇ 18 ਸਾਲ ਹੌਸਪੀਟਲ ਇੰਪਲਾਈਜ਼ ਯੂਨੀਅਨ ਦੇ ਡਾਇਰੈਕਟਰ ਵੀ ਰਹੇ।
ਵਿਧਾਨ ਸਭਾ ਦੇ ਸਪੀਕਰ ਚੁਣੇ ਜਾਣ ਤੇ ਉਹ ਸਪੀਕਰ ਡੈਰਿਲ ਪਲੇਕਸ ਦੀ ਥਾਂ ਲੈਣਗੇ ਜਿੰਨ੍ਹਾਂ  ਨੇ ਅਕਤੂਬਰ ਚੋਣ ਨਹੀ ਲੜੀ ਸੀ। ਰਾਜ ਚੌਹਾਨ ਉਨ੍ਹਾਂ ਨਾਲ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ
ਰਾਜ ਚੌਹਾਨ ਦੀ ਨਾਮਜ਼ਦਗੀ ਦੀ ਸੂਚਨਾ ਮਿਲਦਿਆਂ ਉਨ੍ਹਾਂ ਦੇ ਵੱਡੇ ਵੀਰ ਸ: ਰਾਜਵੰਤ ਸਿੰਘ ਐਡਵੋਕੇਟ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਡਾ: ਸਰਜੀਤ ਸਿੰਘ ਗਿੱਲ ਸਾਬਕਾ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ, ਸ: ਰਾਜਵੰਤ ਸਿੰਘ ਗਰੇਵਾਲ (ਦਾਦ), ਸ: ਗੁਰਜੀਤ ਸਿੰਘ ਰੋਮਾਣਾ ਸਾਬਕਾ ਪੁਲਿਸ ਕਪਤਾਨ, ਸ: ਅਮਰਜੋਤ ਸਿੰਘ ਸਿੱਧੂ ਐਡਵੋਕੇਟ ਨੇ ਵੀ ਸ: ਰਾਜਵੰਤ ਸਿੰਘ ਐਡਵੋਕੇਟ ਨੂੰ ਨਿੱਕੇ ਵੀਰ ਦੀ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ।