ਮਾਰਕਫੈਡ ਦੇ ਸੋਹਣਾ ਬਰਾਂਡ ਸ਼ਹਿਦ ਨੇ ਸਫਲਤਾਪੂਰਵਕ ਸੀ.ਐਸ.ਈ. ਦੇ ਸ਼ੁੱਧਤਾ ਦੇ ਸਾਰੇ ਟੈਸਟ ਪਾਸ ਕੀਤੇ: ਸੁਖਜਿੰਦਰ ਸਿੰਘ ਰੰਧਾਵਾ
ਨਿਊਜ਼ ਪੰਜਾਬ
ਚੰਡੀਗੜ, 3 ਦਸੰਬਰ
ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈਡ ਨੇ ਆਪਣੀ ਪਛਾਣ ਨੂੰ ਕਾਇਮ ਰੱਖਦੇ ਹੋਏ ਇਕ ਵਾਰ ਫੇਰ ਖਪਤਕਾਰਾਂ ਦਾ ਭਰੋਸਾ ਜਿੱਤਿਆ ਹੈ। ਵਿਗਿਆਨ ਤੇ ਵਾਤਾਵਰਣ ਕੇਂਦਰ (ਸੀ.ਐਸ.ਈ.) ਵੱਲੋਂ ਸ਼ਹਿਦ ਦੀ ਸ਼ੁੱਧਤਾ ਦੇ ਕਰਵਾਏ ਗਏ ਪ੍ਰੀਖਣ ਵਿੱਚੋਂ ਮਾਰਕਫੈਡ ਦਾ ਸੋਹਣਾ ਬਰਾਂਡ ਸ਼ਹਿਦ 100 ਫੀਸਦੀ ਖਰਾ ਉਤਰਿਆ ਹੈ। ਇਸ ਸ਼ਹਿਦ ਨੇ ਸ਼ੁੱਧਤਾ ਦੇ ਸਾਰੇ ਟੈਸਟ ਪਾਸ ਕੀਤੇ।
ਇਸ ਵਿਲੱਖਣ ਪ੍ਰਾਪਤੀ ਲਈ ਮਾਰਕਫੈਡ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਮਾਰਕਫੈਡ ਲਈ ਵੱਡੇ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਭਾਰਤ ਵਿੱਚ ਮੌਜੂਦ 13 ਬਰਾਂਡਾਂ ਵਿੱਚੋਂ ਮਾਰਕਫੈਡ ਸੋਹਣਾ ਉਨਾਂ ਤਿੰਨ ਬਰਾਂਡਾ ਵਿੱਚ ਸ਼ਾਮਲ ਹੈ ਜਿਨਾਂ ਨੇ ਕੌਮਾਂਤਰੀ ਮਾਪਦੰਡਾਂ ਉਤੇ ਆਧਾਰਿਤ ਸਾਰੇ ਮਹੱਤਵਪੂਰਨ ਟੈਸਟ ਪਾਸ ਕੀਤੇ ਹਨ। ਬਾਕੀ ਦੋ ਬਰਾਂਡ ਸਫੋਲਾ ਤੇ ਨੈਚੂਰਜ਼ ਨੈਕਟਰ ਜਿਨਾਂ ਨੇ ਟੈਸਟ ਪਾਸ ਕੀਤੇ ਹਨ ਜਦੋਂ ਕਿ ਵੱਡੇ ਬਰਾਂਡ ਡਾਬਰ, ਪਤੰਜਲੀ, ਵੈਦਿਆਨਾਥ, ਜੰਡੂ ਆਦਿ ਇਸ ਟੈਸਟ ਪਾਸ ਕਰਨ ਵਿੱਚ ਅਸਫਲ ਰਹੇ ਅਤੇ ਇਨਾਂ ਦੇ ਬਰਾਂਡਾਂ ਵਿੱਚ ਮਿਲਾਵਟ ਸਾਹਮਣੇ ਆਈ ਜੋ ਕੋਵਿਡ-19 ਦੇ ਔਖੇ ਸਮੇਂ ਦੌਰਾਨ ਮਨੁੱਖੀ ਸਿਹਤ ਨਾਲ ਸਮਝੌਤਾ ਕਰਨ ਵਾਲੀ ਗੱਲ ਹੈ।
ਸ. ਰੰਧਾਵਾ ਨੇ ਕਿਹਾ ਕਿ ਮਾਰਕਫੈਡ ਵੱਲੋਂ ਮਿਆਰੀ ਖਾਣ ਵਾਲੇ ਪਦਾਰਥਾਂ ਦੇ ਨਿਰਮਾਣ ਅਤੇ ਮਾਰਕੀਟਿੰਗ ਵਿੱਚ ਆਪਣਾ ਵੱਕਾਰ ਕਾਇਮ ਰੱਖਦਿਆਂ ਬਾਸਮਤੀ ਚੌਲ, ਕਣਕ, ਕਣਕ ਦਾ ਆਟਾ, ਸਾਬਤੇ ਤੇ ਪੀਸੇ ਹੋਏ ਮਸਾਲੇ, ਆਮਲਾ ਮੁਰੱਬਾ ਤੇ ਕੈਂਡੀ, ਆਮਲਾ ਤੇ ਐਲੂਵੀਰਾ ਜੂਸ, ਗੁੜ, ਸ਼ੱਕਰ ਖਪਤਕਾਰਾਂ ਤੱਕ ਪਹੁੰਚਾਇਆ ਜਾਂਦਾ ਹੈ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰ ਦੇ ਮਿਆਰਾਂ ਅਨੁਸਾਰ ਸੋਹਣਾ ਸ਼ਹਿਦ ਦੇ ਖਰਾ ਉਤਰਨ ਨਾਲ ਗੁਣਵੱਤਾ ਤੇ ਮਿਆਰੀ ਖਾਣ ਵਾਲੇ ਪਦਾਰਥਾਂ ਦੇ ਮਾਮਲੇ ਵਿੱਚ ਮਾਰਕਫੈਡ ਨੇ ਇਕ ਹੋਰ ਮੱਲ ਮਾਰੀ ਹੈ। ਸ਼ਹਿਦ ਦੀ ਪ੍ਰਾਸੈਸਿੰਗ 2015-16 ਵਿੱਚ ਸ਼ੁਰੂ ਕੀਤੀ ਗਈ।
‘ਮਿੱਠੀ ਕ੍ਰਾਂਤੀ’ ਲਿਆਉਣ ਲਈ ਮਾਰਕਫੈਡ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਇਹ ਸਭ ਦੀ ਸਾਂਝੀ ਮਿਹਨਤ ਦਾ ਸਿੱਟਾ ਹੈ। ਉਨਾਂ ਕਿਹਾ ਕਿ ਮਾਰਕਫੈਡ ਵੱਲੋਂ ਗੁਣਵੱਤਾ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਂਦਾ ਜਿਸ ਸਦਕਾ ਅੱਜ ਇਹ ਪ੍ਰਾਪਤੀ ਹਾਸਲ ਹੋਈ ਹੈ। ਖਾਸ ਕਰਕੇ ਕੋਵਿਡ-19 ਦੇ ਔਖੇ ਸਮੇਂ ਦੌਰਾਨ ਮਨੁੱਖੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਅਤੇ ਮਾਰਕਫੈਡ ਵੱਲੋਂ ਸ਼ੁੱਧ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਪਿੰਡ ਚੂਹੜਵਾਲੀ ਵਿਖੇ ਸ਼ਹਿਦ ਨੂੰ ਪ੍ਰੋਸੈੱਸ ਕਰਨ ਵਾਲਾ ਆਲਾ ਦਰਜੇ ਦਾ ਪਲਾਂਟ ਸਥਾਪਤ ਕੀਤਾ ਗਿਆ ਸੀ। ਇਹ ਯੂਨਿਟ ਏ.ਪੀ.ਈ.ਡੀ.ਏ. ਦੀ ਵਿੱਤੀ ਸਹਾਇਤਾ ਨਾਲ 15.50 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ। ਇਹ ਪਲਾਂਟ ਆਟੋਮੈਟਿਕ ਢੰਗ ਨਾਲ ਸ਼ਹਿਦ ਨੂੰ ਪ੍ਰੋਸੈੱਸ ਕਰਦਾ ਹੈ ਜਿੱਥੇ ਵਾਤਾਵਰਣ ਨੂੰ ਨਿਯੰਤਰਨ ਕਰਨ ਦੀਆਂ ਸੁਵਿਧਾਵਾਂ ਹਨ। ਇਸ ਪਲਾਂਟ ਵਿੱਚ ਐਫ.ਐਸ.ਐਸ.ਏ.ਆਈ. ਦੇ ਨੇਮਾਂ ਸਮੇਤ ਕੌਮਾਂਤਰੀ ਮਾਪਦੰਡਾਂ ਦੇ ਅਨੁਸਾਰ ਪ੍ਰੋਸੈੱਸ ਕੀਤਾ ਜਾ ਰਿਹਾ ਹੈ। ਇਸ ਪਲਾਂਟ ਦੀ ਸਮਰਥਾ 3000 ਮੀਟਰਕ ਟਨ ਹੈ। ਇਸ ਲਈ ਮੱਖੀ ਪਾਲਕਾਂ ਪਾਸੋਂ ਸਭਾਵਾਂ ਰਾਹੀਂ ਕੱਚਾ ਸ਼ਹਿਦ ਖਰੀਦਿਆ ਜਾਂਦਾ ਹੈ। ਮੱਖੀ ਪਾਲਕਾਂ ਨੂੰ ਮੱਖੀਆਂ ਦੇ ਸਿਹਤਮੰਦ ਅਮਲਾਂ ਅਤੇ ਸ਼ਹਿਦ ਦੇ ਉਤਪਾਦਨ ਨਾਲ ਸਬੰਧਤ ਨਿਯਮਤ ਤੌਰ ’ਤੇ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਕੱਚੇ ਸ਼ਹਿਦ ਵਿੱਚ ਐਂਟੀਬੌਡੀ, ਭਾਰੀ ਧਾਤਾਂ, ਖੰਡ ਅਤੇ ਰਸਾਇਣਾਂ ਦੀ ਮੌਜੂਦਗੀ ਨੂੰ ਖਤਮ ਕੀਤਾ ਜਾ ਸਕੇ।
ਮਾਰਕਫੈਡ ਨੂੰ ਮੱਖੀ ਪਾਲਕਾਂ ਤੋਂ ਕੱਚੇ ਸ਼ਹਿਦ ਦੀ ਖਰੀਦ ਲਈ 100 ਫੀਸਦੀ ਸ਼ਨਾਖਤ ਨੂੰ ਲਾਗੂ ਕਰਨ ਵਿੱਚ ਮੋਹਰੀ ਹੋਣ ਦਾ ਵੀ ਮਾਣ ਹਾਸਲ ਹੈ। ਹਰੇਕ ਬਾਲਟੀ ਨੂੰ ਪਰਖ ਕੇ ਬਾਰਕੋਡ ਦੀ ਵਰਤੋਂ ਨਾਲ ਸੀਲ ਕੀਤਾ ਜਾਂਦਾ ਹੈ। ਇਹ ਪ੍ਰਣਾਲੀ ਮਾਰਕਫੈਡ ਨੂੰ ਉਨਾਂ ਕਿਸਾਨਾਂ ਬਾਰੇ ਮੁਕੰਮਲ ਜਾਣਕਾਰੀ ਇਕੱਤਰ ਕਰਨ ਦੀ ਇਜਾਜ਼ਤ ਦਿੰਦੀ ਜਿਨਾਂ ਕਿਸਾਨਾਂ ਪਾਸੋਂ ਕੱਚਾ ਸ਼ਹਿਦ ਖਰੀਦਿਆ ਗਿਆ। ਇਸ ਪ੍ਰਣਾਲੀ ਨੂੰ ਲਾਗੂ ਕਰਨ ਸਦਕਾ ਮਾਰਕਫੈਡ ਨੂੰ ‘ਸਕੋਚ ਐਵਾਰਡ’ ਹਾਸਲ ਹੋਇਆ ਹੈ।
ਸ਼ਹਿਦ ਨਾਲ ਅੰਦਰੂਨੀ ਸ਼ਕਤੀ ਵਧਾਉਣ, ਕੈਂਸਰ ਤੇ ਦਿਲ ਦੇ ਰੋਗਾਂ ਦੀ ਰੋਕਥਾਮ, ਪੇਟ ਦੀਆਂ ਬਿਮਾਰੀਆਂ ਵਿਰੁੱਧ ਲੜਨ, ਖੰਘ ਤੇ ਗਲੇ ਦੀ ਕੁਰਕਰੀ ਘਟਾਉਣ, ਬਲੱਡ ਸ਼ੂਗਰ ਦੀਆਂ ਬਿਮਾਰੀਆਂ ਰੋਕਣ ਅਤੇ ਚਮੜੀ ਦੀ ਸੰਭਾਲ ਵਿੱਚ ਮਦਦ ਮਿਲਦੀ ਹੈ। ਸ਼ਹਿਦ ਨੂੰ ਸਿਹਤ ਦਾ ‘ਪਾਵਰ ਹਾਊਸ’ ਕਿਹਾ ਜਾਂਦਾ ਹੈ।