ਲੁਧਿਆਣਾ ਚ ਲਗਾਤਾਰ ਵੱਧ ਰਿਹਾ ਕਰੋਨਾ ਦਾ ਕਹਿਰ, 5 ਮੌਤਾਂ, 113 ਨਵੇਂ ਕੇਸ
ਲੁਧਿਆਣਾ, 24 ਨਵੰਬਰ ( ਰਜਿੰਦਰ ਜੌਡ਼ਾ )- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ‘ਚ ਰੋਜ਼ਾਨਾ ਹੀ ਵੱਡੀ ਗਿਣਤੀ ‘ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਜਿਉਂ ਦੀ ਤਿਉਂ ਹੈ। ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀਆਂ ਹੋਣ ਵਾਲੀਆਂ ਮੌਤਾਂ ਨੂੰ ਵੀ ਠੱਲ੍ਹ ਨਹੀਂ ਪੈ ਰਹੀ, ਜਿਸ ਕਰਕੇ ਲੋਕਾਂ ‘ਚ ਇਸ ਮਹਾਂਮਾਰੀ ਨੂੰ ਲੈ ਕੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ‘ਚ ਅੱਜ ਕੋਰੋਨਾ ਤੋਂ ਪ੍ਰਭਾਵਿਤ 113 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 104 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 9 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਬਦਕਿਸਮਤੀ ਨਾਲ ਲੁਧਿਆਣਾ ‘ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ‘ਚੋਂ ਅੱਜ ਫਿਰ 5 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚੋਂ 2 ਮ੍ਰਿਤਕ ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ, 1 ਮ੍ਰਿਤਕ ਮਰੀਜ਼ ਜ਼ਿਲ੍ਹਾ ਬਠਿੰਡਾ ਤੋਂ ਇਲਾਵਾ, 1-1 ਮ੍ਰਿਤਕ ਮਰੀਜ਼ ਹਰਿਆਣਾ ਅਤੇ ਜੰਮੂ-ਕਸ਼ਮੀਰ ਸੂਬੇ ਨਾਲ ਸਬੰਧ ਰੱਖਦਾ ਸੀ।ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਜਿਹੜੇ 2 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ‘ਚ 46 ਸਾਲਾ ਮ੍ਰਿਤਕ ਮਰੀਜ਼ ਵਾਸੀ ਮਾਡਲ ਟਾਊਨ ਨੇੜੇ ਲਾਲ ਕੋਠੀ ਅਤੇ 72 ਸਾਲਾ ਮ੍ਰਿਤਕ ਮਰੀਜ਼ ਵਾਸੀ ਸਤਜੋਤ ਨਗਰ ਧਾਂਦਰਾ ਰੋਡ ਸ਼ਾਮਿਲ ਹਨ।