ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ 25 ਨਵੰਬਰ ਨੂੰ ਕਰਵਾਇਆ ਜਾਵੇਗਾ ਆਨ ਲਾਈਨ ਕੁਇਜ਼ ਮੁਕਾਬਲਾ
ਆਨ-ਲਾਈਨ ਕੁਇਜ਼ ‘ਚ ਹਰੇਕ ਨਾਗਰਿਕ ਲੈ ਸਕਦੇ ਭਾਗ : ਵਧੀਕ ਜ਼ਿਲ੍ਹਾ ਚੋਣ ਅਫ਼ਸਰ
ਪਟਿਆਲਾ, 23 ਨਵੰਬਰ: ( ਰਜਿੰਦਰ ਸਿੰਘ ਜੌੌੜਾ )
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ- ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ 25 ਨਵੰਬਰ ਨੂੰ ਦੁਪਹਿਰ 12 ਵਜੇ ਆਨ-ਲਾਈਨ ਕੁਇਜ਼ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚਲਾਈ ਗਈ ਸੰਵਿਧਾਨ ਆਧਾਰਿਤ ਲੋਕਤੰਤਰ ਮੁਹਿੰਮ ਦੇ ਪਹਿਲੇ ਪੜਾਅ ਦੇ ਕੁਲ 27 ਲੇਖ ਅਤੇ ਇਨ੍ਹਾਂ ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ਼ ਮੁੱਖ ਚੋਣ ਅਫ਼ਸਰ ਵੱਲੋਂ ਫੇਸਬੁੱਕ ਰਾਹੀਂ ਸਾਂਝੀਆ ਕੀਤੀਆਂ ਗਈਆਂ ਹਨ ਅਤੇ ਹੁਣ ਇਨ੍ਹਾਂ ਲੇਖਾਂ ਦੇ ਆਧਾਰ ‘ਤੇ ਹੀ ਸੰਵਿਧਾਨ ਅਤੇ ਲੋਕਤੰਤਰ ਵਿਸ਼ੇ ‘ਤੇ ਆਨ-ਲਾਈਨ ਕੁਇਜ਼ ਕਰਵਾਇਆ ਜਾ ਰਿਹਾ ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ‘ਚ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ ਅਤੇ ਇਸ ਵਿੱਚ ਕੁਲ 30 ਸਵਾਲ ਹੋਣਗੇ ਅਤੇ ਇਨ੍ਹਾਂ ਸਵਾਲਾਂ ਲਈ ਕੁਲ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ । ਕੁਇਜ਼ ਨਿਰਧਾਰਤ ਸਮੇਂ ਦੌਰਾਨ ਹੀ ਪੂਰਾ ਕਰਨਾ ਹੋਵੇਗਾ ਅਤੇ ਨਿਰਧਾਰਤ ਸਮੇਂ ਉਪਰੰਤ ਕੁਇਜ਼ ਨੂੰ ਜਮਾਂ ਨਹੀਂ ਕਰਵਾਇਆ ਜਾ ਸਕਦਾ ।
ਉਨ੍ਹਾਂ ਦੱਸਿਆ ਕਿ ਇਸ ਕੁਇਜ਼ ਦਾ ਲਿੰਕ ਮੁੱਖ ਚੋਣ ਅਫਸਰ, ਪੰਜਾਬ ਦੇ ਫੇਸਬੁੱਕ ਅਤੇ ਟਵੀਟਰ ਅਕਾਊਟ ‘ਤੇ ਮਿਤੀ 25 ਨਵੰਬਰ ਨੂੰ ਸਵੇਰੇ 11:50 ‘ਤੇ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਪਹਿਲਾ ਇਨਾਮ 1500 ਰੁਪਏ, ਦੂਜਾ ਇਨਾਮ 1300 ਰੁਪਏ ਅਤੇ ਤੀਜਾ ਇਨਾਮ 1000 ਰੁਪਏ ਦਿੱਤਾ ਜਾਵੇਗਾ। ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਮੁੱਖ ਦਫ਼ਤਰ ਵ.ਲੋਂ ਕੀਤਾ ਗਿਆ ਫੈਸਲਾ ਅੰਤਿਮ ਹੋਵੇਗਾ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਨਾਗਰਿਕਾ ਨੂੰ ਅਪੀਲ ਕੀਤੀ ਹੈ ਕਿ ਇਸ ਕੁਇਜ਼ ਮੁਕਾਬਲੇ ‘ਚ ਭਾਗ ਜ਼ਰੂਰ ਲੈਣ।