ਅਡਾਨੀ ਗਰੁੱਪ ਨੇ ਅਮੀਰੀ ਚ ਰਿਲਾਇੰਸ ਨੂੰ ਵੀ ਪਿੱਛੇ ਛਡਿਆ, ਬਣੇ ਇਸ ਸਾਲ ਦੇ ਸੱਭ ਤੋਂ ਵੱਧ ਅਮੀਰ

ਨਵਜੋਤ ਸਿੰਘ

ਨਵੀਂ ਦਿੱਲੀ , 21 ਨਵੰਬਰ  : ਅਡਾਨੀ ਗਰੁੱਪ ਦੇ ਚੇਅਰਮੇਨ ਗੌਤਮ ਅਡਾਨੀ ਦੀ ਜਾਇਦਾਦ ਇਸ ਸਾਲ ਭਾਰਤੀ ਅਮੀਰਾਂ ‘ਚ ਸਭ ਤੋਂ ਜ਼ਿਆਦਾ ਵਧੀ ਹੈ। ਇਸ ਮਾਮਲੇ ‘ਚ ਅਡਾਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬਲੂਮਬਰਗ ਬਿਲਿਨੇਅਰ ਇੰਡੈਕਸ ਅਨੁਸਾਰ, ਗੌਤਮ ਅਡਾਨੀ ਦੀ ਜਾਇਦਾਦ ‘ਚ ਇਸ ਸਾਲ 19:1 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਉੱਥੇ, ਮੁਕੇਸ਼ ਅੰਬਾਨੀ ਦੀ ਜਾਇਦਾਦ ‘ਚ ਸੰਨ 2020 ‘ਚ 16.4 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।

ਇਸ ਸਾਲ ਗੌਤਮ ਅਡਾਨੀ ਦੀ ਜਾਇਦਾਦ ‘ਚ ਹੋਏ ਵਾਧੇ ਨੂੰ ਭਾਰਤੀ ਰੁਪਏ ‘ਚ ਦੇਖੀਏ, ਤਾਂ ਇਸ ਸਾਲ ਦੇ ਪਹਿਲੇ ਸਾਢੇ 10 ਮਹੀਨਿਆਂ ‘ਚ ਉਸ ਦੀ ਜਾਇਦਾਦ ‘ਚ 1.41 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਭਾਵ ਗੌਤਮ ਅਡਾਨੀ ਦੀ ਜਾਇਦਾਦ ‘ਚ ਰੋਜ਼ਾਨਾ 449 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਸਾਲ 2020 ‘ਚ ਹੋਏ ਇਸ ਜ਼ਬਰਦਸਤ ਵਾਧੇ ਨਾਲ ਗੌਤਮ ਅਡਾਨੀ ਦੀ ਜਾਇਦਾਦ 30.4 ਬਿਲੀਅਨ ਡਾਲਰ ਹੋ ਗਈ ਹੈ। ਇਸ ਦੇ ਨਤੀਜੇ ਵਜੋਂ ਅਡਾਨੀ ਦੁਨੀਆ ਦੇ 40ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉੱਥੇ, ਆਰਆਈਐੱਲ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਗੱਲ ਕਰੀਏ, ਤਾਂ ਉਨ੍ਹਾ ਦੀ ਕੁੱਲ ਜਾਇਦਾਦ ਇਸ ਵਰ੍ਹੇ 16.4 ਬਿਲੀਅਨ ਡਾਲਰ ਦੇ ਵਾਧੇ ਨਾਲ 75 ਬਿਲੀਅਨ ਡਾਲਰ ਹੋ ਗਈ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਅਨੁਸਾਰ, ਮੁਕੇਸ਼ ਅੰਬਾਨੀ ਇਸ ਸਮੇਂ ਦੁਨੀਆ ਦੇ 10ਵੇਂ ਸਭ ਤੋਂ ਅਮੀਰ ਵਿਅਕਤੀ ਹਨ।