ਹੈਬੋਵਾਲ ਖੇਤਰ ਦੇ ਵਸਨੀਕਾਂ ਲਈ 7 ਏਕੜ ਰਕਬੇ ਵਿੱਚ ਲਈਅਰ ਵੈਲੀ ਕੀਤੀ ਜਾਵੇਗੀ ਸਥਾਪਤ – ਆਸ਼ੂ
-84 ਲੱਖ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਦੇ ਨਾਲ ਲੱਗਦੀ ਤਿਆਰ ਕੀਤੀ ਜਾਵੇਗੀ ਸੜਕ
-13 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਜਾਵੇਗਾ ਲੋਹੇ ਦਾ ਜਾਲ
ਲੁਧਿਆਣਾ, 21 ਨਵੰਬਰ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ ਹੈਬੋਵਾਲ ਖੇਤਰ ਦੇ ਵਸਨੀਕਾਂ ਲਈ ਸਵੱਛ ਅਤੇ ਹਰੇ ਭਰੇ ਵਾਤਾਵਰਣ, ਕਸਰਤ ਲਈ ਜਗ੍ਹਾ ਅਤੇ ਮਨੋਰੰਜਨ ਲਈ ਸਮਾਂ ਬਿਤਾਉਣ ਲਈ 7 ਏਕੜ ਰਕਬੇ ਵਿੱਚ ਲਈਅਰ ਵੈਲੀ ਸਥਾਪਤ ਕੀਤੀ ਜਾਵੇਗੀ, ਜਿਸਦਾ ਨਿਰਮਾਣ ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, 84 ਲੱਖ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਦੇ ਨਾਲ ਲੱਗਦੀ ਸੜਕ ਅਤੇ 13 ਕਰੋੜ ਰੁਪਏ ਦੀ ਲਾਗਤ ਨਾਲ ਲੋਹੇ ਦਾ ਜਾਲ ਵੀ ਲਗਾਇਆ ਜਾਵੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਸੁਬਰਾਮਨੀਅਮ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਨਿਗਮ ਕੌਂਸਲਰ ਸ੍ਰੀ ਮਹਾਰਾਜ ਸਿੰਘ ਰਾਜੀ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ, ਜਗ੍ਹਾ ਦਾ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਪ੍ਰਾਜੈਕਟਾਂ ਦੇ ਕੰਮ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲਈਅਰ ਵੈਲੀ, ਸੜਕ ਦੀ ਉਸਾਰੀ ਅਤੇ ਲੋਹੇ ਦੇ ਜਾਲ ਲਗਾਉਣ ਨਾਲ ਜੁੜੇ ਕੰਮ ਅਗਲੇ ਛੇ ਮਹੀਨਿਆਂ ਵਿੱਚ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਹੈਬੋਵਾਲ ਖੇਤਰ ਵਿੱਚ ਲਈਅਰ ਵੈਲੀ ਵਰਗੇ ਪ੍ਰਾਜੈਕਟਾਂ ਦੀ ਘਾਟ ਹੈ ਅਤੇ ਇਸੇ ਲਈ ਇਸ ਦੇ ਵਿਕਾਸ ਲਈ ਖਾਲੀ ਪਈ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਲਾਕਾ ਨਿਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਣਗੇ। ਉਨ੍ਹਾਂ ਦੱਸਿਆ ਕਿ ਲਈਅਰ ਵੈਲੀ ਦਾ ਨਿਰਮਾਣ ਇਸ ਢੰਗ ਨਾਲ ਕੀਤਾ ਜਾਵੇਗਾ ਕਿ ਇਸ ਵਿਚ ਬੱਚਿਆਂ ਲਈ ਖੇਡ ਖੇਤਰ ਹੋਣ ਦੇ ਨਾਲ-ਨਾਲ ਬਾਲਗਾਂ ਲਈ ਮੈਦਾਨ ਅਤੇ ਮਨੋਰੰਜਨ ਦੇ ਖੇਤਰ ਵੀ ਹੋਣਗੇ।
ਸ੍ਰੀ ਆਸ਼ੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਵਰਤੀਆਂ ਜਾਣ ਵਾਲੀਆਂ ਸਾਈਟਾਂ ‘ਤੇ ਹੋਣ ਵਾਲੇ ਸਾਰੇ ਕਬਜ਼ਿਆਂ ਨੂੰ ਵੀ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੀ ਨਵੀਂ ਸੜਕ ਨਾਲੇ ਦੀ ਮੌਜੂਦਾ ਸੜਕ ਨਾਲ ਜੁੜ ਜਾਵੇਗੀ ਅਤੇ ਨਗਰ ਨਿਗਮ ਦੀ ਹੱਦ ਤਕ ਉਸਾਰੀ ਕੀਤੀ ਜਾਵੇਗੀ ਅਤੇ ਵਾਹਨ ਚਾਲਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਲੋਹੇ ਦਾ ਜਾਲ ਵੀ ਲਗਾਇਆ ਗਿਆ ਹੈ, ਪਰ ਹੁਣ, ਪੂਰੇ ਨਾਲੇ ਨੂੰ ਢੱਕ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਤਿੰਨ ਲਈਅਰ ਵੈਲੀਆਂ ਜਿਹੜੀਆਂ ਕਿ ਲੋਧੀ ਕਲੱਬ ਨੇੜੇ ਭਾਈ ਰਣਧੀਰ ਸਿੰਘ ਨਗਰ ਵਿੱਚ, ਡੀ.ਏ.ਵੀ. ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਨੇੜੇ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਬਲਾਕ-ਡੀ ਅਤੇ ਬਲਾਕ-ਈ ਦੇ ਪਿੱਛੇ ਤਿਆਰ ਹੋ ਰਹੀਆਂ ਹਨ।