ਬਿਹਾਰ ਵਿਧਾਨ ਸਭਾ ਚੋਣਾਂ : ਵੋਟਾਂ ਦੀ ਗਿਣਤੀ ਜਾਰੀ, ਰੁਝਾਨਾਂ ‘ਚ ਐਨ.ਡੀ.ਏ. ਗੱਠਜੋੜ ਦੀ ਹੁੰਦੀ ਜਿੱਤ ਨੂੰ ਦੇਖਦਿਆਂ ਵਰਕਰਾਂ ਵੱਲੋ ਜਸ਼ਨ ਮਨਾਉਣੇ ਸ਼ੁਰੂ

ਪਟਨਾ, 10 ਨਵੰਬਰ (ਨਿਊਜ਼ ਪੰਜਾਬ)- ਬਿਹਾਰ ਵਿਧਾਨ ਸਭਾ ਦੀਆਂ 243 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ ਇੱਕ ਵਾਰ ਫਿਰ ਰਾਜ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਐਨ.ਡੀ.ਏ ਗੱਠਜੋੜ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਹੁਣ ਤੱਕ ਇਕ ਕਰੋੜ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਰੁਝਾਨਾਂ ਤੋਂ ਉਤਸ਼ਾਹਤ ਭਾਜਪਾ ਵਰਕਰਾਂ ਨੇ ਸ਼ੰਖ ਵਜਾਇਆ, ਜਦੋਂ ਕਿ ਜੇ.ਡੀ.ਯੂ ਵਰਕਰਾਂ ਨੇ ਪਟਾਕੇ ਚਲਾ ਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦਰਭੰਗਾ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਸਰਾਵਗੀ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਕੁਝ ਨੇਤਾਵਾਂ ਨੇ ਆਪਣੀ ਹਾਰ ਦਾ ਠੀਕਰਾਂ ਈ.ਵੀ.ਐੱਮ. ਮਸ਼ੀਨਾਂ ਤੇ ਭੰਨਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇਤਾ ਕਾਰਤੀ ਚਿਦੰਬਰਮ ਨੇ ਇਸ ਦਾ ਬਚਾਅ ਕੀਤਾ ਹੈ,  ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਈਵੀਐਮ ਉੱਤੇ ਦੋਸ਼ ਲਗਾਉਣਾ ਬੰਦ ਕੀਤਾ ਜਾਵੇ।