ਸੰਸਦ ਮੈਬਰ ਬਿੱਟੂ ਵੱਲੋਂ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ

ਲੁਧਿਆਣਾ, 10 ਨਵੰਬਰ (ਨਿਊਜ਼ ਪੰਜਾਬ) – ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ, ਸਿਹਤ, ਪੁਲਿਸ ਤੇ ਸਥਾਨਕ ਸਰਕਾਰ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਦੇ ਚਰਮ ਸੀਮਾਂ ਦੌਰਾਨ ਮਨੁੱਖਤਾ ਦੀ ਸੇਵਾ ਵਿਚ ਨਿਭਾਈ ਸ਼ਾਨਦਾਰ ਭੂਮਿਕਾ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਸ ਮਹਾਂਮਾਰੀ ਦੌਰਾਨ ਤੁਹਾਡੇ ਦੁਆਰਾ ਕੀਤੇ ਅਣਥੱਕ ਕਾਰਜਾਂ ਲਈ ਆਪਣਾ ਸਿਰ ਝੁਕਾ ਕੇ ਨਮਨ ਕਰਦਾ ਹਾਂ’। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਜੋ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ (ਦਿਸ਼ਾ) ਦੇ ਚੇਅਰਮੈਨ ਵੀ ਹਨ ਵੱਲੋਂ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਸਥਾਨਕ ਬੱਚਤ ਭਵਨ ਵਿਖੇ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਵਿਧਾਇਕ ਪੂਰਬੀ ਸ੍ਰੀ ਸੰਜੇ ਤਲਵਾੜ, ਵਿਧਾਇਕ ਪਾਇਲ ਸ. ਲਖਵੀਰ ਸਿੰਘ ਲੱਖਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਯਾਦਵਿੰਦਰ ਸਿੰਘ ਜੰਡਿਆਲੀ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੀ ਹਾਜ਼ਰ ਸਨ। ਸੰਸਦ ਮੈਂਬਰ ਬਿੱਟੂ ਵੱਲੋਂ ਵੱਖ-ਵੱਖ ਸਕੀਮਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਯੋਜਨਾਵਾਂ ਬਾਰੇ ਜਾਗਰੂਕਤਾ ਕੈਂਪ ਲਗਾਉਣ ਤਾਂ ਜੋ ਜ਼ਮੀਨੀ ਪੱਧਰ ‘ਤੇੇ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਮਿਲ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਚਲਾਉਣ ਲਈ ਵੀ ਕਿਹਾ। ਸੰਸਦ ਮੈਂਬਰ ਨੇ ਕਿਹਾ ਕਿ ਸਾਰੇ ਵਿਭਾਗਾਂ ਖ਼ਾਸਕਰ ਸਿੱਖਿਆ, ਖੇਤੀਬਾੜੀ, ਸਮਾਜ ਭਲਾਈ, ਸਿਹਤ, ਨਗਰ ਨਿਗਮ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੇਂਡੂ ਵਿਕਾਸ ਅਤੇ ਹੋਰਨਾਂ ਨੂੰ ਰੋਜ਼ਾਨਾ ਆਪਣੇ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਸਖੀ ਵਨ ਸਟਾਪ ਸੈਂਟਰ ਪ੍ਰਤੀ ਵੱਧ ਤੋਂ ਵੱਧ ਸੰਵੇਦਨਸ਼ੀਲ ਬਣਾਉਣ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੋਵੀਡ-19 ਮਹਾਂਮਾਰੀ ਦੌਰਾਨ ਸਖਤ ਮਿਹਨਤ ਕਰਨ ਵਾਲੇ ਅਧਿਕਾਰੀਆਂ ਅਤੇ ਸਟਾਫ ਦੀ ਹੌਸਲਾ ਅਫਜ਼ਾਈ ਲਈ ਸੰਸਦ ਮੈਬਰ ਸ. ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਬਿੱਟੂ ਨੂੰ ਇਹ ਵੀ ਦੱਸਿਆ ਕਿ ਜਿਵੇਂ ਕੋਵਿਡ-19 ਦੀ ਦੂਜੀ ਲਹਿਰ ਨੇ ਦੂਜੇ ਰਾਜਾਂ ਵਿੱਚ ਪੈਰ ਪਸਾਰਨੇ ਸੁਰੂ ਕਰ ਦਿੱਤੇ ਹਨ, ਜੇਕਰ ਅਜਿਹੀ ਸਥਿਤੀ ਲੁਧਿਆਣਾ ਵਿੱਚ ਪੈਦਾ ਹੁੰਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪੱਬਾ ਭਾਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਪਹਿਨਣਾ, ਆਪਸੀ ਵਿੱਥ ਬਣਾਈ ਰੱਖਣਾ ਅਤੇ ਹੱਥਾਂ ਨੂੰ ਸਾਫ ਰੱਖਣਾ ਦੀ ਪਾਲਣਾ ਕਰਨ, ਕਿਉਂਕਿ ਦੂਜੀ ਲਹਿਰ ਨੂੰ ਰੋਕਣ ਦੀ ਇਹੀ ਵੈਕਸੀਨ ਅਤੇ ਤਰੀਕਾ ਹੈ।