ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਲ 16 ਨਵੰਬਰ ਨੂੰ ਸਨਮਾਨਿਤ ਕੀਤਾ ਜਾਵੇਗਾ। 

ਡਾ ਗੁਰਪ੍ਰੀਤ ਸਿੰਘ

ਲੁਧਿਆਣਾ: 9 ਨਵੰਬਰ
ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਅਗਾਂਹਵਧੂ ਪੰਜਾਬੀ ਕਵੀ ਤੇ ਇਨਕਲਾਬੀ ਸੋਚ ਧਾਰਾ ਨੂੰ ਪਰਣਾਏ ਸ਼੍ਰੀ ਦਰਸ਼ਨ ਖਟਕੜ ਨੂੰ ਸਾਲ 2020 ਦਾ ਹਰਭਜਨ ਹਲਵਾਰਵੀ ਸਾਹਿੱਤ ਪੁਰਸਕਾਰ 16 ਨਵੰਬਰ ਸਵੇਰੇ 11.30 ਵਜੇ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ ਪ੍ਰਦਾਨ ਕੀਤਾ ਜਾਵੇਗਾ।
ਸਹਿਯੋਗੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਬਰਿਸਬੇਨ ਦੇ ਪ੍ਰਤੀਨਿਧ ਸਰਬਜੀਤ ਸੋਹੀ ਮੁਤਾਬਕ ਕਾਮਰੇਡ ਰਤਨ ਸਿੰਘ ਟਰੱਸਟ ਹਲਵਾਰਾ ਵੱਲੋਂ ਸਥਾਪਿਤ ਇਸ ਪੁਰਸਕਾਰ ਵਿੱਚ 21 ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਦੋਸ਼ਾਲਾ ਤੇ ਸਨਮਾਨ ਚਿੰਨ੍ਹ ਵੀ ਸ਼ਾਮਿਲ ਹੈ। ਇਸ ਤੋਂ ਪਹਿਲਾਂ ਇਹ ਪੁਰਸਕਾਰ ਗੁਰਭਜਨ ਗਿੱਲ ਤੇ ਜਤਿੰਦਰ ਪੰਨੂੰ ਜੀ ਨੂੰ ਦਿਤਾ ਜਾ ਚੁਕਾ ਹੈ।
ਇਸ ਵਾਰ ਦੇ ਪੁਰਸਕਾਰ ਵਿਜੇਤਾ ਦਰਸ਼ਨ ਖਟਕੜ ਦੀਆਂ ਦੋ ਮਹੱਤਵਪੂਰਨ ਕਾਵਿ ਰਚਨਾਵਾਂ ਸੰਗੀ ਸਾਥੀ ਅਤੇ ਉਲਟੇ ਰੁਖ਼ ਪਰਵਾਜ਼ ਕਾਵਿ ਰਚਨਾਵਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ।
ਦਰਸ਼ਨ ਖਟਕੜ ਦੇ ਜੀਵਨ ਸੰਘਰਸ਼ , ਰਚਨਾ  ਤੇ ਸ਼ਖ਼ਸੀਅਤ ਬਾਰੇ ਸੁਖਵਿੰਦਰ ਪੱਪੀ ਸੰਪਾਦਕ ਸਰੋਕਾਰ ਜਾਣਕਾਰੀ ਦੇਣਗੇ।
ਟਰਸਟ ਦੇ ਮੀਡੀਆ ਸਕੱਤਰ ਡਾ: ਜਗਵਿੰਦਰ ਜੋਧਾ ਨੇ ਦੱਸਿਆ ਕਿ ਇਸ
ਸਮਾਗਮ ਦੀ ਪ੍ਰਧਾਨਗੀ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਚਾਂਸਲਰ ਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਡਾ: ਸ ਸ ਜੌਹਲ ਕਰਨਗੇ।
ਵਿਸ਼ੇਸ਼ ਮਹਿਮਾਨ ਵਜੋਂ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ:)ਪ੍ਰੋ: ਰਵਿੰਦਰ ਸਿੰਘ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਹਲਵਾਰਵੀ ਜੀ ਦੀ ਜੀਵਨ ਸਾਥਣ ਪ੍ਰੋ:  ਪ੍ਰਿਤਪਾਲ ਕੌਰ ਹਲਵਾਰਵੀ, ਨਿੱਕਾ ਵੀਰ ਡਾ: ਨਵਤੇਜ ਸਿੰਘ ਹਲਵਾਰਵੀ ਤੇ ਗੁਰੂ ਰਾਮ ਦਾਸ ਕਾਲਿਜ ਦੇ ਡਾਇਰੈਕਟਰ ਸ: ਰਣਜੀਤ ਸਿੰਘ ਧਾਲੀਵਾਲ ਸ਼ਾਮਿਲ ਹੋਣਗੇ।
ਟਰਸਟ ਦੇ ਜਨਰਲ ਸਕੱਤਰ ਡਾ: ਨਿਰਮਲ ਜੌੜਾ  ਨੇ ਦੱਸਿਆ ਕਿ 16 ਨਵੰਬਰ ਗਦਰ ਪਾਰਟੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ  ਸ਼ਹੀਦ ਸਾਥੀਆਂ ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ  ਜ਼ਿਲ੍ਹਾ ਤਰਨਤਾਰਨ ,ਸ਼ਹੀਦ ਬਖਸ਼ੀਸ਼ ਸਿੰਘ, ਦੋਵੇਂ ਸ਼ਹੀਦ ਸੁਰੈਣ ਸਿੰਘ(ਵੱਡਾ ਤੇ ਛੋਟਾ)ਤਿੰਨੇ ਹੀ ਪਿੰਡ ਗਿੱਲਵਾਲੀ ਤੋਂ(ਅੰਮ੍ਰਿਤਸਰ)ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ( ਪੂਨਾ) ਤੇ ਸ਼ਹੀਦ ਹਰਨਾਮ ਸਿੰਘ ਪਿੰਡ ਭੱਟੀ ਗੁਰਾਇਆ (ਸਿਆਲ ਕੋਟ )ਜੋ ਪਹਿਲੇ ਲਾਹੌਰ ਸਾਜ਼ਿਸ਼ ਕੇਸ ਚ ਲਾਹੌਰ ਜੇਲ੍ਹ ਚ ਫਾਂਸੀ ਚੜ੍ਹੇ, ਉਨਾਂ ਦਾ ਵੀ ਸ਼ਹਾਦਤ ਦਿਹਾੜਾ ਹੋਣ ਕਾਰਨ ਟਰਸਟ ਦੇ ਲੇਖਕਾਂ ਦਾ ਕਾਫ਼ਲਾ ਟਰਸਟ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਲੁਧਿਆਣਾ ਤੋਂ ਸਰਾਭਾ ਵਿਖੇ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਹਲਵਾਰਾ ਪੁੱਜੇਗਾ।
ਇਸ ਸਮਾਗਮ ਵਿੱਚ ਮਰਹੂਮ ਸ਼ਾਇਰ ਹਰਭਜਨ ਹਲਵਾਰਵੀ ਯਾਦਗਾਰੀ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਸਵਰਨਜੀਤ ਸਵੀ, ਸਤੀਸ਼ ਗੁਲਾਟੀ, ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਨਰਿੰਦਰਪਾਲ ਸਿੰਘ ਕੰਗ, ਰਾਜਦੀਪ ਤੂਰ,ਮਨਦੀਪ ਔਲਖ, ਰਮਨ ਸੰਧੂ, ਤੇ ਕੁਮਾਰ ਜਗਦੇਵ ਹਿੱਸਾ ਲੈਣਗੇ।ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਮੰਚ ਸੰਚਾਲਨ ਟਰਸਟ ਦੇ ਜਨਰਲ ਸਕੱਤਰ ਡਾ: ਨਿਰਮਲ ਜੌੜਾ ਕਰਨਗੇ। ਡਾ: ਜਗਵਿੰਦਰ ਜੋਧਾ ਨੇ ਦੱਸਿਆ ਕਿ ਹਰਭਜਨ ਹਲਵਾਰਵੀ ਜੀ ਦਾ ਪਰਿਵਾਰ ਅਤੇ ਟਰਸਟ  ਚੇਅਰਮੈਨ ਸ੍ਰੀ ਦਲਵੀਰ ਸਿੰਘ ਹਲਵਾਰਵੀ ਦੇ ਨਜ਼ਦੀਕੀ ਰਿਸ਼ਤੇਦਾਰ ਸ: ਗੁਰਮੀਤ ਸਿੰਘ ਕਮਲ ਦਿੱਲੀ ਸ਼ਾਮਿਲ ਵੀ ਹੋਣਗੇ।