ਪਟਿਆਲਾ ਦਾ ਪੰਜਾਬੀ ਮਾਂ-ਬੋਲੀ ਦੇ ਪਸਾਰ ‘ਚ ਅਹਿਮ ਯੋਗਦਾਨ : ਕੈਪਟਨ ਅਮਰਿੰਦਰ ਸਿੰਘ

ਪਟਿਆਲਾ, 7 ਨਵੰਬਰ (ਨਿਊਜ਼ ਪੰਜਾਬ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਹਫ਼ਤਾ ਸਮਾਰੋਹ ਦੌਰਾਨ ਪੰਜਾਬ ਵਿੱਚ ਸਮਾਰਟ ਸਕੂਲਾਂ, ਮਿਸ਼ਨ ਸਤ-ਪ੍ਰਤੀਸ਼ਤ ਅਤੇ ਪ੍ਰਾਇਮਰੀ ਸਕੂਲਾਂ ‘ਚ ਡਿਜੀਟਲ ਸਿੱਖਿਆਂ ਲਈ ਟੈਬਲੈਟਸ ਦੀ ਵੰਡ ਮੌਕੇ ਹੋਏ ਆਨ-ਲਾਈਨ ਸਮਾਗਮ ਨੂੰ ਸੰਬੋਧਨ ਕਰਦਿਆ ਪ੍ਰਗਟਾਵਾਂ ਕੀਤਾ ਕਿ ਪਟਿਆਲਾ ਦਾ ਪੰਜਾਬੀ ਮਾਂ-ਬੋਲੀ ਦੇ ਪਸਾਰ ਅਤੇ ਪ੍ਰਫੁਲਤਾ ‘ਚ ਅਹਿਮ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਦਾ ਪਹਿਲਾ ਟਾਈਪਰਾਈਟਰ ਤਿਆਰ ਕਰਵਾਉਣ ਦਾ ਸਿਹਰਾ ਮਹਾਰਾਜਾ ਭੁਪਿੰਦਰ ਸਿੰਘ ਨੂੰ ਜਾਦਾ ਹੈ। ਇਸ ਤੋਂ ਇਲਾਵਾ ਪਟਿਆਲਾ ਹੀ ਸਭ ਤੋਂ ਪਹਿਲਾ ਰਿਆਸਤੀ ਰਾਜ ਸੀ ਜਿਸ ਨੇ 1940 ‘ਚ ਫ਼ਾਰਸੀ ਦੀ ਥਾਂਵੇਂ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਅਪਣਾਇਆ ਸੀ। ਉਨ੍ਹਾਂ ਨੇ ਸਮਾਗਮ ਨਾਲ ਆਨ-ਲਾਈਨ ਜੁੜੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਸ਼ਾ ਵਿਭਾਗ ਅਤੇ ਸੈਂਟਰਲ ਲਾਇਬਰੇਰੀ ਨੂੰ ਦਰਪੇਸ਼ ਵਿੱਤੀ ਔਕੜਾਂ ਦੇ ਹੱਲ ਲਈ ਵਿਸਤ੍ਰਿਤ ਯੋਜਨਾ ਬਣਾਕੇ ਦੇਣ ਲਈ ਆਖਿਆ। ਜ਼ਿਲ੍ਹੇ ਦੇ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ‘ਚੋਂ ਸੂਬਾਈ ਆਨ-ਲਾਈਨ ਪ੍ਰੋਗਰਾਮ ਨਾਲ ਜੁੜੇ ਆਗੂਆਂ ‘ਚ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ, ਪੰਜਾਬ ਲਾਰਜ ਸਕੇਲ ਇੰਡਸਟਰੀ ਬੋਰਡ ਦੇ ਸੀਨੀਅਰ ਉਪ ਪ੍ਰਧਾਨ ਕੇ.ਕੇ. ਸਹਿਗਲ, ਪਨਗਰੇਨ ਦੇ ਡਾਇਰੈਕਟਰ ਰਜਨੀਸ਼ ਸ਼ੋਰੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ ਤੇ ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕਿਰਨ ਢਿਲੋਂ, ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਤੇ ਅਨੁਜ ਖੋਸਲਾ ਅਤੇ ਜ਼ਿਲ੍ਹਾ ਅਧਿਕਾਰੀਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਏ.ਡੀ.ਸੀ. ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੈ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਮਰਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਧੂ ਬਰੂਆ ਮੌਜੂਦ ਸਨ। ਇਸ ਮੌਕੇ ਜ਼ਿਲ੍ਹੇ ਦੇ 25 ਸਰਕਾਰੀ ਐਲੀਮੈਟਰੀ ਸਕੂਲਾਂ ਨੂੰ 177 ਟੈਬਲੈਟਸ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਕਿ ਪ੍ਰਾਇਮਰੀ ਜਮਾਤਾਂ ‘ਚ ਡਿਜੀਟਲ ਸਿੱਖਿਆ ਦੀ ਸ਼ੁਰੂਆਤ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ 2020-21 ਸੈਸ਼ਨ ਲਈ ‘ਮਿਸ਼ਨ ਸ਼ਤ-ਪ੍ਰਤੀਸ਼ਤ’ ਦੀ ਸ਼ੁਰੂਆਤ ਕਰਦਿਆ ਸਮੂਹ ਸਕੂਲਾਂ ਦੇ ਨਤੀਜਿਆਂ ਨੂੰ 100 ਫ਼ੀਸਦੀ ‘ਤੇ ਲਿਜਾਣ ਲਈ ਪ੍ਰੇਰਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 111 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਰਟ ਸਕੂਲ ਬਣਨ ‘ਤੇ ਉਦਘਾਟਨ ਕੀਤਾ ਗਿਆ। ਸਮਾਗਮ ਨੂੰ ਆਨ-ਲਾਈਨ ਸੰਬੋਧਨ ਕਰਦਿਆ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਵਿੱਚ 1467 ਸਮਾਰਟ ਸਕੂਲਾਂ ਦੇ ਉਦਘਾਟਨ ਨਾਲ ਸੂਬੇ ‘ਚ ਸਮਾਰਟ ਸਕੂਲਾਂ ਦੀ ਗਿਣਤੀ 8300 ‘ਤੇ ਪੁੱਜ ਗਈ ਹੈ।  ਉਨ੍ਹਾਂ ਪੰਜਾਬ ਦੇ ਅਧਿਆਪਕਾਂ ਵੱਲੋਂ ਕੋਵਿਡ-19 ਦੌਰਾਨ ਆਨ-ਲਾਈਨ ਸਿੱਖਿਆ, ਵਿਦਿਆਰਥੀਆਂ ਨੂੰ ਕਿਤਾਬਾਂ ਦੀ ਵੰਡ ਅਤੇ ਮਿਡ-ਡੇਅ ਮੀਲ ਦੀ ਪੂਰਤੀ ਲਈ ਨਿਭਾਈਆਂ ਗਈਆਂ ਸੇਵਾਵਾਂ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ।