ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ, ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਚੱਕਰ ‘ਚ ਖੁਦ ਹੀ ਦਿੱਤਾ ਘਟਨਾ ਨੂੰ ਅੰਜਾਮ

ਲੁਧਿਆਣਾ, 3 ਨਵੰਬਰ (ਐਡਵੋਕੇਟ ਕਰਨਦੀਪ ਸਿੰਘ ਕੈਰੋਂ )- ਬੀਤੇ ਦਿਨੀ ਸਲੇਮਟਾਬਰੀ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸਨਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕੇ ਬੀਤੇ ਦਿਨੀ ਗੁਰਦੁਆਰਾ ਸਿੰਘ ਸਭਾ ਸੁਤੰਤਰ ਨਗਰ ਸਲੇਮਟਾਬਰੀ ਤੋਂ ਬਲਦੇਵ ਸਿੰਘ ਨੇ ਪੁਲਿਸ ਨੂੰ ਸੂਚਨਾ ਦਿਤੀ ਕੇ ਊਨਾ ਦੇ ਇਲਾਕੇ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਇਲਾਕੇ ਵਿਚ ਮਾਹੌਲ ਤਨਾਅਪੂਰਨ ਹੈ| ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿਚ ਆਈ| ਪੁੱਛਗਿੱਛ ਦੌਰਾਨ ਬਲਦੇਵ ਸਿੰਘ ਨੇ ਦੱਸਿਆ ਕੇ ਊਨਾ ਨੂੰ ਮੁਹੱਲੇ ‘ਚ ਰਹਿੰਦੇ ਸੇਵਾ ਸਿੰਘ (18 ਸਾਲ ) ਨੇ ਜਾਣਕਾਰੀ ਦਿਤੀ ਕੇ ਉਸ ਨੇ ਦੋਸ਼ੀਆਂ ਨੂੰ ਮੋਟਰਸਾਈਕਲ ਤੇ ਜਾਂਦੇ ਦੇਖਿਆ ਹੈ| ਪੁਲਿਸ ਨੇ ਮੁਹੱਲੇ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ| ਪੁਲਿਸ ਨੇ ਜਦੋ ਸੇਵਾ ਸਿੰਘ ਪਾਸੋ ਸਖਤੀ ਨਾਲ ਪੁੱਛਗਿੱਛ ਕੀਤੀ ਤਾ ਉਸਨੇ ਮੰਨਿਆ ਕੇ ਇਸ ਘਟਨਾ ਨੂੰ ਅੰਜਾਮ ਉਸਨੇ ਹੀ ਦਿੱਤਾ ਹੈ| ਪੁਲਿਸ ਕਮਿਸਨਰ ਨੇ ਦੱਸਿਆ ਕੇ ਦੋਸ਼ੀ ਇਕ ਵੈੱਬ ਚੈਨਲ ਲਈ ਕੰਮ ਕਰਦਾ ਹੈ, ਪਰ ਉਸਦੀਆਂ ਖ਼ਬਰਾਂ ਨਹੀਂ ਲੱਗਦੀਆਂ ਸਨ, ਜਿਸ ਕਰਕੇ ਉਸਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਚੱਕਰ ‘ਚ ਅਜੇਹੀ ਹਰਕਤ ਕੀਤੀ| ਪੁਲਿਸ ਕਮਿਸਨਰ ਨੇ ਦੱਸਿਆ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ|