ਵਿਆਨਾ ‘ਚ ਹੋਏ ਹਮਲੇ ‘ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ, 3 ਨਵੰਬਰ (ਨਿਊਜ਼ ਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੀਆ ਦੀ ਰਾਜਧਾਨੀ ਵਿਆਨਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਭਾਰਤ ਆਸਟਰੀਆ ਦੇ ਨਾਲ ਖੜ੍ਹਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ ਟਵੀਟ ਕੀਤਾ ਅਤੇ ਲਿਖਿਆ, ”ਵਿਆਨਾ ‘ਚ ਕਾਇਰਤਾ ਭਰੇ ਤਰੀਕੇ ਨਾਲ ਕੀਤੇ ਗਏ ਅੱਤਵਾਦੀ ਹਮਲੇ ਦੀ ਖ਼ਬਰ ਸੁਣ ਕੇ ਬਹੁਤ ਹੈਰਾਨੀ ਅਤੇ ਦੁੱਖ ਹੋਇਆ। ਭਾਰਤ ਇਸ ਦੁੱਖ ਦੀ ਘੜੀ ‘ਚ ਆਸਟਰੀਆ ਦੇ ਨਾਲ ਖੜ੍ਹਾ ਹੈ। ਮੇਰੀ ਹਮਦਰਦੀ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ।” ਜ਼ਿਕਰਯੋਗ ਹੈ ਕਿ ਵਿਆਨਾ ‘ਚ ਅਣਪਛਾਤੇ ਸਮੂਹ ਦੇ ਲੋਕਾਂ ਵਲੋਂ ਕੀਤੀ ਗਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਪੁਲਿਸ ਕਰਮਚਾਰੀ ਸਣੇ ਕਈ ਲੋਕ ਜ਼ਖ਼ਮੀ ਹੋਏ ਹਨ। ਅਜੇ ਤੱਕ ਇਕ ਹਮਲਾਵਰ ਨੂੰ ਢੇਰ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।