ਰੋਡ ਸੇਫਟੀ ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ

ਪਟਿਆਲਾ, 2 ਨਵੰਬਰ (ਨਿਊਜ਼ ਪੰਜਾਬ)-ਜ਼ਿਲ੍ਹਾ ਪੁਲਿਸ ਮੁਖੀ ਵਿਕਰਮਜੀਤ ਦੁੱਗਲ ਦੀ ਅਗਵਾਈ ‘ਚ ਅਤੇ ਐਸ.ਪੀ. ਪਲਵਿੰਦਰ ਸਿੰਘ ਚੀਮਾਂ ਦੀ ਦੇਖ-ਰੇਖ ‘ਚ ਰੋਡ ਸੇਫਟੀ ਟ੍ਰੁੈਫਿਕ ਐਜੂਕੇਸ਼ਨ ਸੈੱਲ ਵੱਲੋਂ ਅੱਜ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਵਿਦਿਆਰਥੀ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇੰਸਪੈਕਟਰ ਪੁਸ਼ਪਾ ਦੇਵੀ ਵੱਲੋਂ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੇ ਸਹਿਯੋਗ ਨਾਲ ਕੀਤੇ ਗਏ ਸਮਾਗਮ ਦੌਰਾਨ ਕੋਵਿਡ-19 ਨਿਯਮਾਂ ਦੇ ਦਾਇਰੇ ‘ਚ ਰਹਿ ਕੇ, ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ, ਸੜਕਾਂ ‘ਤੇ ਕਰਤੱਬ ਦਿਖਾਉਣ ਦੀ ਬਜਾਏ ਹੋਸ਼ ਨਾਲ ਵਾਹਨ ਚਲਾਉਣ ਅਤੇ ਪੁਲਿਸ ਨੂੰ ਸਹਿਯੋਗ ਦੇਣ ਦੀ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਇੰਸਪੈਕਟਰ ਪੁਸ਼ਪਾ ਦੇਵੀ ਨੇ ਵਿਦਿਆਰਥੀਆਂ ਨੂੰ ਸਾਈਬਰ ਕਰਾਈਮ, ਘਰੇਲੂ ਹਿੰਸਾ, ਨਸ਼ਿਆਂ ਤੇ ਈ-ਚਲਾਨ ਸਬੰਧੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਦੇਸ਼ ਦਾ ਭਵਿੱਖ ਹਨ, ਇਸ ਲਈ ਵਿਦਿਆਰਥੀ ਵਰਗ ਨੂੰ ਸਭ ਤੋਂ ਵਧੇਰੇ ਸੁਚੇਤ ਹੋਣ ਦੀ ਜਰੂਰਤ ਹੈ। ਉਨ੍ਹਾਂ ਖਾਸ ਤੌਰ ‘ਤੇ ਵਿਦਿਆਰਥਣਾਂ ਨੂੰ ਔਰਤਾਂ ਦੀ ਰੱਖਿਆ ਲਈ ਸ਼ਕਤੀ ਐਪ ਦੀ ਵਰਤੋਂ ਸਬੰਧੀ, ਟ੍ਰੈਫਿਕ ਪੁਲਿਸ ਦੀਆਂ ਸੇਵਾਵਾਂ ਲਈ ਪੀਪੀ ਸਾਂਝ ਐਪ ਤੇ ਸੰਕਟਕਾਲੀਨ ਸਥਿਤੀਆਂ ‘ਚ ਪੁਲਿਸ ਦੇ ਫੋਨ ਨੰਬਰਾਂ ਦੀ ਵਰਤੋਂ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰ. ਤੋਤਾ ਸਿੰਘ ਚਹਿਲ ਨੇ ਇੰਸਪੈਕਟਰ ਪੁਸ਼ਪਾ ਦੇਵੀ ਨੂੰ ਉਨ੍ਹਾਂ ਦੀ ਸਮਾਜ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ। ਪ੍ਰਿੰ. ਚਹਿਲ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਵੱਖ-ਵੱਖ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ ਲਈ ਪੁਲਿਸ, ਅਧਿਆਪਕਾਂ ਤੇ ਮਾਪਿਆਂ ਦੀ ਪ੍ਰੇਰਨਾ ਤੇ ਅਗਵਾਈ ਦੀ ਬਹੁਤ ਜਰੂਰਤ ਹੈ। ਇਸ ਕਾਰਨ ਲਈ ਜਿਲ੍ਹਾ ਪਟਿਆਲਾ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਚਲਾਈਆਂ ਜਾਂਦੀਆਂ ਮੁਹਿੰਮਾਂ ਸ਼ਲਾਘਾਯੋਗ ਹਨ। ਇਸ ਮੌਕੇ ਸਕੂਲ ਸਟਾਫ ਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।