ਦਿਨ-ਦਿਹਾੜੇ ਲੁਟੇਰੇ ਸਾਢੇ ਪੰਜ ਲੱਖ ਰੁਪਏ ਲੁੱਟ ਕੇ ਫ਼ਰਾਰ
ਭਿੱਖੀਵਿੰਡ, 2 ਨਵੰਬਰ (ਨਿਊਜ਼ ਪੰਜਾਬ)- ਤਰਨ ਤਾਰਨ ਜ਼ਿਲ੍ਹੇ ਅੰਦਰ ਸਮਾਜ ਵਿਰੋਧੀ ਅਨਸਰ ਪੂਰੀ ਤਰ੍ਹਾਂ ਸਰਗਰਮ ਹਨ ਪਰ ਪੁਲਿਸ ਦੀ ਮੌਜੂਦਗੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਅਤੇ ਆਮ ਲੋਕ ਲੁਟੇਰਿਆਂ ਹੱਥੋਂ ਆਪਣੀ ਮਿਹਨਤ ਦੀ ਕਮਾਈ ਤੋਂ ਹੱਥ ਧੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਸਾਧਰਾ ਵਿਖੇ ਹੋਈ ਸਾਢੇ ਪੰਜ ਲੱਖ ਰੁਪਏ ਦੀ ਲੁੱਟ ਤੋਂ ਮਿਲਦੀ ਹੈ। ਇਸ ਸੰਬੰਧੀ ਲੁੱਟ ਦਾ ਸ਼ਿਕਾਰ ਹੋਏ ਜ਼ਖ਼ਮੀ ਜਰਨੈਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਬੂੜ ਚੰਦ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪੁੱਤਰ ਜ਼ਮੀਨ ਠੇਕਾ ਦੇਣ ਲਈ ਅੱਜ ਦੁਪਹਿਰੇ ਕਰੀਬ 12 ਵਜੇ ਸਟੇਟ ਬੈਂਕ ਆਫ਼ ਇੰਡੀਆ ਦੀ ਭਿੱਖੀਵਿੰਡ ਬਰਾਂਚ ‘ਚੋਂ ਸਾਢੇ ਪੰਜ ਲੱਖ ਰੁਪਏ ਕਢਾਏ ਸਨ। ਪੈਸੇ ਕਢਾਉਣ ਮਗਰੋਂ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਵਾਪਸ ਆਪਣੇ ਪਿੰਡ ਨੂੰ ਆ ਰਹੇ ਸਨ ਕਿ ਇਸੇ ਦੌਰਾਨ ਮੋਟਰਸਾਈਕਲ ਲੁਟੇਰਿਆਂ ਨੇ ਵਾਰ ਕਰਕੇ ਉਨ੍ਹਾਂ ਨੂੰ ਮੋਟਰਸਾਈਕਲ ਤੋਂ ਹੇਠਾਂ ਸੁੱਟ ਲਿਆ। ਜਰਨੈਲ ਸਿੰਘ ਨੇ ਦੱਸਿਆ ਕਿ ਇਸ ਮਗਰੋਂ ਲੁਟੇਰੇ ਤੇਜ਼ਧਾਰ ਦਾਤਰ ਨਾਲ ਵਾਰ ਕਰਕੇ ਉਸ ਕੋਲੋਂ ਪੈਸਿਆਂ ਵਾਲਾ ਥੈਲਾ ਖੋਹ ਕੇ ਫ਼ਰਾਰ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।