ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਨੌਜਵਾਨ ਵਰਗ ਨਿਭਾਅ ਸਕਦਾ ਹੈ ਅਹਿਮ ਭੂਮਿਕਾ-ਡਾ. ਸ਼ੇਨਾ ਅਗਰਵਾਲ
* ਰਾਸ਼ਟਰੀ ਏਕਤਾ ਦਿਵਸ ਮੌਕੇ ਨਸ਼ਾ ਮੁਕਤ ਅਭਿਆਨ ਤਹਿਤ ਕਰਵਾਈ ਮਿੰਨੀ ਮੈਰਾਥਨ
ਬੰਗਾ, 31 ਅਕਤੂਬਰ (ਨਿਊਜ਼ ਪੰਜਾਬ)-ਰਾਸ਼ਟਰੀ ਏਕਤਾ ਦਿਵਸ ਮੌਕੇ ਅੱਜ ਜ਼ਿਲਾ ਪ੍ਰਸ਼ਾਸਨ ਵੱਲੋਂ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਸਹਿਯੋਗ ਨਾਲ ਨਸ਼ਾ ਮੁਕਤ ਅਭਿਆਨ ਤਹਿਤ ਮਿੰਨੀ ਮੈਰਾਥਨ ਕਰਵਾਈ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮਿੰਨੀ ਮੈਰਾਥਨ ਵਿਚ ਅਥਲੈਟਿਕਸ ਸੈਂਟਰ ਬੰਗਾ ਦੇ 80 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈ ਕੇ ਨਸ਼ਿਆਂ ਖਿਲਾਫ਼ ਆਪਣੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਲੜਕਿਆਂ ਵੱਲੋਂ 8 ਕਿਲੋਮੀਟਰ ਅਤੇ ਲੜਕੀਆਂ ਵੱਲੋਂ 5 ਕਿਲੋਮੀਟਰ ਦੀ ਦੌੜ ਲਗਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਲਈ ਸਭਨਾਂ ਦਾ ਸਹਿਯੋਗ ਜ਼ਰੂਰੀ ਹੈ, ਪਰੰਤੂ ਨੌਜਵਾਨ ਵਰਗ ਇਸ ਕੋਹੜ ਦੇ ਖ਼ਾਤਮੇ ਲਈ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਉਨਾਂ ਕਿਹਾ ਕਿ ਇਸ ਵੇਲੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਤੇ ਉਸਾਰੂ ਪਾਸੇ ਲਗਾਉਣ ਦੀ ਬੇਹੱਦ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਮੁਹਿੰਮ ਚਲਾਈ ਗਈ ਹੈ ਜਿਸ ਨੂੰ ਇਕ ਲੋਕ ਲਹਿਰ ਬਣਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ‘ਡੈਪੋ’ ਅਤੇ ‘ਬਡੀ’ ਪ੍ਰਗੋਰਾਮ ਚਲਾਏ ਜਾ ਰਹੇ ਹਨ। ਇਸੇ ਤਰਾਂ ਨਸ਼ਾ ਪੀੜਤਾਂ ਦੇ ਇਲਾਜ ਅਤੇ ਉਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਲਈ ਜ਼ਿਲੇ ਵਿਚ ਨਸ਼ਾ ਛੁਡਾਊ ਅਤੇ ਓਟ ਕੇਂਦਰ ਬਾਖੂਬੀ ਸੇਵਾਵਾਂ ਨਿਭਾਅ ਰਹੇ ਹਨ। ਇਸ ਮਿੰਨੀ ਮੈਰਾਥਨ ਵਿਚ ਲੜਕਿਆਂ ਵਿਚੋਂ ਅਨੁਰਾਗ ਠਾਕੁਰ ਪਹਿਲੇ, ਪ੍ਰਮੋਦ ਕੁਮਾਰ ਦੂਜੇ ਅਤੇ ਪਰਮਦੇਵ ਚੌਧਰੀ ਤੀਜੇ ਸਥਾਨ ’ਤੇ ਰਹੇ ਜਦਕਿ ਲੜਕੀਆਂ ਵਿਚੋਂ ਇੰਦਰਜੋਤ ਕੌਰ ਨੇ ਪਹਿਲਾ, ਲਵਜੋਤ ਕੌਰ ਨੇ ਦੂਜਾ ਅਤੇ ਬ੍ਰਹਮਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਮੂਹ ਜੇਤੂਆਂ ਨੂੰ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਡੀ. ਐਸ. ਪੀ ਬੰਗਾ ਲਖਬੀਰ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜ ਰਾਣੀ, ਕਾਲਜ ਪਿ੍ਰੰਸੀਪਲ ਡਾ. ਰਣਜੀਤ ਸਿੰਘ, ਜ਼ਿਲਾ ਗਾਈਡੈਂਸ ਕਾਊਂਸਲਰ ਬਲਦੀਸ਼ ਲਾਲ, ਜ਼ਿਲਾ ਸਾਂਝ ਕੇਂਦਰ ਦੇ ਇੰਚਾਰਜ ਕੁਲਦੀਪ ਰਾਜ, ਐਸ. ਐਚ. ਚ ਵਿਜੇ ਕੁਮਾਰ, ਜਗਦੀਸ਼ ਕਲਸੀ, ਕੋਚ ਮਲਕੀਤ ਸਿੰਘ ਗੋਸਲ, ਏ. ਐਸ. ਆਈ ਪ੍ਰੇਮ ਚੰਦ, ਲਹਿੰਬਰ ਸਿੰਘ, ਮਦਨ ਗੋਪਾਲ, ਦਿਲਬਰ ਸਿੰਘ, ਵਿੱਕੀ ਕੁਮਾਰ ਤੇ ਹੋਰ ਹਾਜ਼ਰ ਸਨ।