ਕੋਰੋਨਾ ਕਾਰਨ ਲੁਧਿਆਣਾ ‘ਚ 5 ਮਰੀਜ਼ਾਂ ਦੀ ਮੌਤ, 76 ਨਵੇਂ ਮਾਮਲੇ ਆਏ ਸਾਹਮਣੇ
ਲੁਧਿਆਣਾ, 30 ਅਕਤੂਬਰ (ਨਿਊਜ਼ ਪੰਜਾਬ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ‘ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ‘ਚੋਂ ਅੱਜ 5 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ 2, ਜਦਕਿ ਜ਼ਿਲ੍ਹਾ ਮਾਨਸਾ ਅਤੇ ਹੁਸ਼ਿਆਰਪੁਰ ਤੋਂ ਇਲਾਵਾ ਜੰਮੂ ਕਸ਼ਮੀਰ ਨਾਲ ਸਬੰਧਿਤ 1-1 ਮ੍ਰਿਤਕ ਮਰੀਜ਼ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਮ੍ਰਿਤਕ ਮਰੀਜ਼ਾਂ ‘ਚ 56 ਸਾਲਾ ਮ੍ਰਿਤਕ ਮਰੀਜ਼ ਵਾਸੀ ਬਸੰਤ ਐਵੀਨਿਊ ਧਾਂਦਰਾ ਰੋਡ, ਜਦਕਿ ਦੂਜਾ ਮ੍ਰਿਤਕ 60 ਸਾਲਾ ਵਾਸੀ ਪਿੰਡ ਲੋਹਟਬੱਦੀ ਰਾਏਕੋਟ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ‘ਚ ਅੱਜ ਕੋਰੋਨਾ ਦੇ 76 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 65 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 11 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।