ਨਵਾਂਸ਼ਹਿਰ ਵਿਖੇ 1 ਤੋਂ 3 ਨਵੰਬਰ ਤੱਕ ਖੁੱਲੇਗੀ ‘ਨਵੀਂ ਉਡਾਨ-ਆਜੀਵਿਕਾ ਹਾਟ’

ਨਵਾਂਸ਼ਹਿਰ, 30 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲੇ ਵਿਚ ਸਵੈ-ਸਹਾਈ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਕ ਵਿਸ਼ੇਸ਼ ਉਪਰਾਲੇ ਤਹਿਤ ਨਵਾਂਸ਼ਹਿਰ ਵਿਖੇ ਜ਼ਿਲੇ ਦੇ ਸਵੈ-ਸਹਾਈ ਸਮੂਹਾਂ ਦੀਆਂ ਔਰਤਾਂ ਦੁਆਰਾ ਹੱਥੀਂ ਬਣਾਏ ਗਏ ਦਿਲਕਸ਼ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਅੱਜ ਪੋਸਟਰ ਅਤੇ ਪੈਂਫਲਿਟ ਜਾਰੀ ਕਰਨ ਮੌਕੇ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਤਹਿਤ ਨਵਾਂਸ਼ਹਿਰ ਵਿਖੇ ਰਾਜਾ ਹਸਪਤਾਲ ਦੇ ਸਾਹਮਣੇ 1 ਤੋਂ 3 ਨਵੰਬਰ ਤੱਕ ਰੋਜ਼ਾਨਾ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ‘ਨਵੀਂ ਉਡਾਨ : ਐਸ. ਐਚ. ਜੀ ਹਾਟ’ ਖੋਲੀ ਜਾ ਰਹੀ ਹੈ, ਜਿਥੇ ਸਵੈ-ਸਹਾਈ ਸਮੂਹਾਂ ਦੀਆਂ ਕਾਰੀਗਰ ਔਰਤਾਂ ਵੱਲੋਂ ਤਿਆਰ ਕੀਤੇ ਗਏ ਦਸਤਕਾਰੀ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਨਾਂ ਦੱਸਿਆ ਕਿ ਦਸਤਕਾਰੀ ਦਾ ਸਾਮਾਨ ਤਿਆਰ ਕਰਨ ਵਾਲੀਆਂ ਇਹ ਪੇਂਡੂ ਕਾਰੀਗਰ ਔਰਤਾਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਵੈ-ਸਹਾਈ ਸਮੂਹਾਂ ਦੀਆਂ ਬਹੁਤ ਹੀ ਕਾਰਜਸ਼ੀਲ ਮੈਂਬਰ ਹਨ। ਉਨਾਂ ਦੱਸਿਆ ਕਿ ਖ਼ਰੀਦਦਾਰੀ ਲਈ ਉਪਲਬੱਧ ਦਸਤਕਾਰੀ ਵਸਤਾਂ ਵਿਚ ਬਾਂਸ ਦੀਆਂ ਟੋਕਰੀਆਂ, ਖਿਡੌਣੇ, ਕਢਾਈਦਾਰ ਟੇਬਲ ਦੇ ਕੱਪੜੇ, ਹੱਥੀਂ ਬੁਣੀਆਂ ਉੱਨ ਦੀਆਂ ਪੁਸ਼ਾਕਾਂ, ਰੰਗੀਨ ਮੈਟ, ਸਜਾਵਟੀ ਆਈਟਮਾਂ, ਹੈਂਡਮੇਡ ਬੈਂਗਲਜ਼ ਤੋਂ ਇਲਾਵਾ ਹੋਰ ਬਹੁਤ ਸਾਮਾਨ ਸ਼ਾਮਿਲ ਹੈ। ਇਸ ਮੌਕੇ ਮਹਿੰਦੀ ਦਾ ਵੀ ਖ਼ਾਸ ਪ੍ਰਬੰਧ ਹੋਵੇਗਾ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘੱਟ ਕੀਮਤ ’ਤੇ ਵਧੀਆ ਦਸਤਕਾਰੀ ਸਾਮਾਨ ਲੈਣ ਲਈ ਉਹ ਇਸ ਆਜੀਵਿਕਾ ਹਾਟ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ, ਵਰਕਸ ਮੈਨੇਜਰ ਮਨਰੇਗਾ ਜੋਗਾ ਸਿੰਘ, ਬੀ. ਐਮ. ਪੀ ਸੰਦੀਪ ਕੁਮਾਰ, ਕਲੱਸਟਰ ਕੋਆਰਡੀਨੇਟਰ ਵਰਿੰਦਰ ਕੁਮਾਰ ਤੇ ਰਾਧਿਕਾ ਹਾਜ਼ਰ ਸਨ।