ਜੈਤੋ : ਕਿਸਾਨ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ

ਜੈਤੋ, 30 ਅਕਤੂਬਰ (ਨਿਊਜ਼ ਪੰਜਾਬ)- ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਲੱਖੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸਰਦੂਲ ਸਿੰਘ ਕਾਸਮ ਭੱਟੀ, ਸਰਮੁੱਖ ਸਿੰਘ ਅਜਿੱਤ ਗਿੱਲ, ਜਸਕਰਨ ਸਿੰਘ ਕੋਠੇ ਕਿਹਰ ਸਿੰਘ ਵਾਲੇ, ਗੋਰਾ ਸਿੰਘ ਮੱਤਾ, ਰਾਣਾ ਗੁਰੂਸਰ, ਪਟਵਾਰੀ ਦਰਸ਼ਨ ਸਿੰਘ ਰਾਮੂੰਵਾਲਾ (ਡੇਲਿਆਂਵਾਲੀ), ਰਣਜੀਤ ਸਿੰਘ ਜੈਤੋ, ਗੁਰਚਰਨ ਸਿੰਘ ਗੁੰਮਟੀ ਖੁਰਦ (ਸੇਵੇਵਾਲਾ), ਤਰਸੇਮ ਗੁਰੂਸਰ, ਹਰਜਿੰਦਰ ਸਿੰਘ ਜੈਤੋ ਅਤੇ ਰਾਜਪ੍ਰੀਤ ਜੈਤੋ ਦੀ ਅਗਵਾਈ ਹੇਠ ਕਿਸਾਨਾਂ ਨੇ ਜੈਤੋ-ਬਠਿੰਡਾ ਰੋਡ ‘ਤੇ ਸਥਿਤ ਰਿਲਾਇੰਸ ਦੇ ਤੇਲ ਪੰਪ ਅੱਗੇ ਧਰਨਾ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਸਖ਼ਤ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸਾਨ-ਮਜ਼ਦੂਰ, ਦੁਕਾਨਦਾਰਾਂ ਅਤੇ ਹੋਰ ਖੇਤੀ, ਸਬਜ਼ੀ ਅਤੇ ਦਾਣਾ ਮੰਡੀਆਂ ਨਾਲ ਜੁੜੇ ਛੋਟੇ ਕਾਰੋਬਾਰੀਆਂ ਦੇ ਖ਼ਿਲਾਫ਼ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਆਰਥਿਕ ਲਾਭ ਦੇਣ ਲਈ ਮੋਦੀ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨ ਕਿਸੇ ਵੀ ਹਾਲਤ ‘ਚ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗ ਨੂੰ ਲਾਗੂ ਨਹੀਂ ਕਰਦੀ।