ਸਿਹਤ ਵਿਭਾਗ ਵੱਲੋਂ ਪਹਿਲੀ ਨਵੰਬਰ ਤੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

ਐਸ.ਐਨ.ਆਈ.ਡੀ. ਦੇ ਦੂਜੇ ਰਾਉੂਂਡ ਤਹਿਤ 0-5 ਸਾਲ ਤੱਕ ਦੇ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਹਨ ਪੋਲੀਓ ਬੂੰਦਾਂ

-ਕੋਰੋਨਾ ਮਾਹਮਾਰੀ ਦੇ ਚਲਦਿਆਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੇ ਹੋਏ ਮਾਪੇ ਆਪਣੇ ਬੱਚਿਆਂ ਨੂੰ ਲਾਜ਼ਮੀ ਪਿਲਾਉਣ ਬੂੰਦਾਂ – ਸਿਵਲ ਸਰਜਨ
ਲੁਧਿਆਣਾ, 30 ਅਕਤੂਬਰ (ਨਿਊਜ਼ ਪੰਜਾਬ) – ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪਹਿਲੀ ਨਵੰਬਰ ਦਿਨ ਐਤਵਾਰ ਤੋ ਪਲਸ ਪੋਲੀਓ ਮੁਹਿੰਮ ਤਹਿਤ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਦਿੱਤੀਆਂ ਜਾਣੀਆਂ ਹਨ। ਇਹ ਦੂਜਾ ਐਸ.ਐਨ.ਆਈ.ਡੀ. ਰਾਊਂਡ ਹੈ। ਸਿਵਲ ਸਰਜਨ ਲੁਧਿਆਣਾ ਡਾ: ਰਾਜੇਸ ਕੁਮਾਰ ਬੱਗਾ ਨੇ ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜਿਲ੍ਹੇ ਅਧੀਨ ਹਾਈ ਰਿਸਕ ਏਰੀਆ (ਜਿਸ ਵਿਚ ਝੁੱਗੀ, ਝੋਪੜੀ, ਭੱਠੇ, ਉਸਾਰੀ ਅਧੀਨ ਏਰੀਏ) ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆਂ ਹਨ। ਡਾ. ਬੱਗਾ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਮਾਹਮਾਰੀ ਦੇ ਚਲਦਿਆਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੇ ਹੋਏ ਮਾਪੇ ਆਪਣੇ ਬੱਚਿਆਂ ਨੂੰ ਬੂੰਦਾਂ  ਜ਼ਰੂਰ ਪਿਲਾਉਣ। ਇਸ ਪ੍ਰੋਗਰਾਮ ਦੇ ਨੋਡਲ ਅਫਸਰ ਤੇ ਜਿਲ੍ਹਾ ਟੀਕਾਕਰਨ ਅਫਸਰ ਡਾ: ਪੁਨੀਤ ਜੁਨੇਜਾ ਨੇ ਦੱਸਿਆ ਕਿ ਜਿਲ੍ਹੇ ਅੰਦਰ ਕੁੱਲ 952 ਏਰੀਏ ਅਜਿਹੇ ਹਨ ਜਿਨ੍ਹਾਂ ਨੂੰ ਹਾਈ ਰਿਸਕ ਏਰੀਆ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ 01 ਨਵੰਬਰ ਤੋ ਸ਼ੁਰੂ ਹੋ ਕੇ ਹਾਈ ਰਿਸਕ ਏਰੀਏ ਦੇ ਬੱਚੇ ਕਵਰ ਹੋਣ ਤੱਕ ਕੀਤਾ ਜਾਵੇਗਾ, ਜਿਸ ਦੇ ਤਹਿਤ ਸਿਹਤ ਵਿਭਾਗ ਅਤੇ ਸਹਿਯੋਗੀ ਵਿਭਾਗ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਦੇਣਗੇ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ 845 ਟੀਮਾਂ, 194 ਸੁਪਰਵਾਈਜਰ ਅਤੇ 68 ਮੋਬਾਇਲ ਟੀਮਾਂ ਲਗਾਈਆਂ ਗਈਆਂ ਹਨ ਅਤੇ ਮੁਹਿੰਮ ਤਹਿਤ ਲਗਭਗ 150891 ਬੱਚਿਆਂ ਨੂੰ ਬੂੰਦਾਂ ਪਿਲਾਉਣ ਦੇ ਟੀਚੇ ਨਾਲ 408181 ਘਰ ਕਵਰ ਕੀਤੇ ਜਾਣੇ ਹਨ।