ਜ਼ਿਲ੍ਹਾ ਲੁਧਿਆਣਾ ਨੇ ਇਕ ਹੀ ਦਿਨ ‘ਚ 83 ਹਜ਼ਾਰ ਮੀਟਰਕ ਟਨ ਝੋਨਾ ਖਰੀਦ ਕੇ ਤੇ 75 ਹਜਾਰ ਮੀਟਰਕ ਟਨ ਝੋਨਾ ਲਿਫਟ ਕਰਕੇ ਬਣਾਇਆ ਰਿਕਾਰਡ
ਡਿਪਟੀ ਕਮਿਸ਼ਨਰ ਵੱਲੋਂ ਚੁੱਕਾਈ ਅਤੇ ਖਰੀਦ ਵਿਚ ਨਵਾਂ ਰਿਕਾਰਡ ਬਣਾਉਣ ਲਈ ਪੂਰੀ ਟੀਮ ਨੂੰ ਦਿੱਤੀ ਵਧਾਈ
ਲੁਧਿਆਣਾ, 29 ਅਕਤੂਬਰ (ਨਿਊਜ਼ ਪੰਜਾਬ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਝੋਨੇ ਦੀ ਖਰੀਦ ਜਰੂਰੀ ਸਾਵਧਾਨੀਆਂ ਵਰਤਦੇ ਹੋਏ ਕੀਤੀ ਜਾ ਰਹੀ ਹੈ, ਉੱਥੇ ਲੁਧਿਆਣਾ ਜ਼ਿਲ੍ਹੇ ਨੇ 83000 ਮੀਟ੍ਰਿਕ ਟਨ (ਐਮ.ਟੀ) ਦੀ ਖਰੀਦ ਕਰਕੇ ਅਤੇ 75000 ਮੀਟਰਕ ਟਨ ਦੀ ਫਸਲ ਚੁੱਕ ਕੇ ਇੱਕ ਹੀ ਦਿਨ ਵਿੱਚ ਅਨਾਜ ਮੰਡੀਆਂ ਵਿੱਚੋਂ ਨਵਾਂ ਰਿਕਾਰਡ ਕਾਇਮ ਕੀਤਾ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੋਵੀਡ-19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਝੋਨੇ ਦੀ ਫਸਲ ਨੂੰ ਸੁਚਾਰੂ ਢੰਗ ਨਾਲ ਖਰੀਦਣ ਅਤੇ ਲਿਫਟਿੰਗ ਵਿਚ ਨਵਾਂ ਰਿਕਾਡਰ ਸਥਾਪਤ ਕਰਨ ‘ਤੇ ਸਾਰੀ ਟੀਮ ਨੂੰ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਬੁੱਧਵਾਰ ਨੂੰ 83042 ਮੀਟ੍ਰਿਕ ਟਨ ਦੀ ਰਿਕਾਰਡ ਖਰੀਦ ਕੀਤੀ ਗਈ, ਜਦਕਿ 75010 ਮੀਟਰਕ ਟਨ ਝੋਨੇ ਦੀ ਲਿਫਟ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਖਰੀਦ ਏਜੰਸੀਆਂ ਵੱਲੋਂ ਜਿਲਾ ਲੁਧਿਆਣਾ ਵਿੱਚ 28 ਅਕਤੂਬਰ, 2020 ਤੱਕ ਲੁਧਿਆਣਾ ਵਿੱਚ 9.40 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਪਿਛਲੇ ਸਾਲ ਇਸ ਦਿਨ ਤੱਕ 7.30 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਸਮੂਹ ਖਰੀਦ ਏਜੰਸੀਆਂ ਵੱਲੋਂ ਉਕਤ ਖਰੀਦੀ ਗਈ 9.40 ਲੱਖ ਮੀਟ੍ਰਿਕ ਟਨ ਝੋਨੇ ਵਿੱਚੋਂ 8.38 ਲੱਖ ਮੀਟ੍ਰਿਕ ਟਨ ਝੋਨੇ ਦੀ ਮੰਡੀਆਂ ਵਿੱਚੋਂ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਅਦਾਇਗੀ ਕਰਨ ਲਈ ਆੜਤੀਆਂ ਨੂੰ ਬਣਦੀ ਪੇਮੈਂਟ ਰਲੀਜ਼ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਲਈ ਜਿਲੇ ਅੰਦਰ ਕੁੱਲ 403 ਮੰਡੀਆਂ/ਸਬ ਯਾਰਡ ਬਣਾਏ ਗਏ ਹਨ। ਉਨ੍ਹਾਂ ਚੱਲ ਰਹੀ ਝੋਨੇ ਦੀ ਖਰੀਦ ‘ਤੇ ਤਸੱਲੀ ਵੀ ਜ਼ਾਹਰ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਵੱਲੋਂ ਤੈਅ ਨਮੀ ਦੀ ਮਾਤਰਾ ਅਨੁਸਾਰ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ। ਪਨਗਰੇਨ ਏਜੰਸੀ ਵੱਲੋਂ 4.77 ਲੱਖ ਮੀਟ੍ਰਿਕ ਟਨ,ਮਾਰਕਫੈਡ ਵੱਲੋਂ 2.02 ਲੱਖ ਮੀਟ੍ਰਿਕ ਟਨ, ਪਨਸਪ ਵੱਲੋਂ 1.81 ਲੱਖ ਮੀਟ੍ਰਿਕ ਟਨ,ਵੇਅਰ ਹਾਊਸ ਵਲੋਂ 77345 ਮੀਟ੍ਰਿਕ ਟਨ,ਐਫ.ਸੀ.ਆਈ. ਵੱਲੋਂ 1180 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 505 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਮੌਕੇ ਜਿਲਾ ਕੰਟਰੋਲਰ ਖੁਰਾਕ ਸਪਲਾਈਜ਼ ਲੁਧਿਆਣਾ ਪੱਛਮੀ ਸ੍ਰੀ ਸੁਖਵਿੰਦਰ ਸਿੰਘ ਗਿੱਲ, ਜਿਲਾ ਕੰਟਰੋਲਰ ਖੁਰਾਕ ਸਪਲਾਈਜ਼ ਲੁਧਿਆਣਾ ਪੂਰਬੀ ਸ੍ਰੀਮਤੀ ਹਰਵੀਨ ਕੌਰ, ਜਿਲਾ ਮੈਨੇਜਰ ਮਾਰਕਫੈਡ ਸ੍ਰੀ ਹਰਦੀਪ ਸਿੰਘ ਚਾਹਲ, ਜਿਲਾ ਮੈਨੇਜਰ ਪਨਸਪ ਸ੍ਰੀ ਜਗਨਦੀਪ ਸਿੰਘ ਢਿੱਲੋਂ, ਜਿਲਾ ਮੈਨੇਜਰ ਵੇਅਰ ਹਾਊਸ ਸ੍ਰੀ ਐਮ.ਪੀ. ਸਿੰਘ, ਜਿਲਾ ਮੈਨੇਜਰ ਐਫ.ਸੀ.ਆਈ. ਸ੍ਰੀ ਗੰਗੇਸ਼ਵਰ ਗੁਸਾਈਂ, ਜਿਲਾ ਮੰਡੀ ਅਫਸਰ ਸ੍ਰੀ ਦਵਿੰਦਰ ਸਿੰਘ ਹਾਜ਼ਰ ਸਨ।