ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਸਿਹਤ ਸੰਸਥਾਵਾਂ ਵੱਲੋਂ ”ਵਰਲਡ ਸਟਰੋਕ ਦਿਵਸ” ਸਬੰਧੀ ਸੈਮੀਨਾਰ

ਲੁਧਿਆਣਾ 29 ਅਕਤੂਬਰ (ਨਿਊਜ਼ ਪੰਜਾਬ)- ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਸਿਹਤ ਸੰਸਥਾਵਾਂ ‘ਚ ”ਵਰਲਡ ਸਟਰੋਕ ਦਿਵਸ” ਸਬੰਧੀ ਸੈਮੀਨਾਰ ਕਰਵਾਏ ਗਏ। ਸਮੂਹ ਸੰਸਥਾਵਾਂ ਵਿਖੇ ਮਾਹਿਰਾਂ ਵੱਲੋਂ ਸਿਹਤ ਸਿੱਖਿਆ ‘ਤੇ ਲੈਕਚਰ ਦਿੱਤੇ ਗਏ। ਉਨ੍ਹਾਂ ਲਾਭਪਾਤਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਤੀ ਚੇਤਨ ਰਹਿਣ ਅਤੇ ਸਰੀਰਕ ਕੰਮ ਨੂੰ ਵੀ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਉਣ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਪੀ. ਸਿੰਘ ਨੇ ਦੱਸਿਆ ਕਿ ਅੱਜ ਸਮੂਹ ਸੰਸਥਾਵਾਂ ਵੱਲੋਂ ਚੇਤਨਾ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਐਸ.ਐਮ.ਓ. ਡਾ. ਅਮਰਜੀਤ ਕੌਰ ਦੀ ਅਗਵਾਈ ਵਿੱਚ ਸਮੂਹ ਸਟਾਫ ਅਤੇ ਲਾਭਪਾਤਰੀਆਂ ਨੂੰ ਸਟਰੋਕ ਤੋਂ ਬਚਾਓ ਦੇ ਢੰਗ ਤਰੀਕੇ ਦੱਸੇ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟਰੋਕ ਨਾਲ ਅਪਾਹਜਤਾ ਹੁੰਦੀ ਹੈ, ਹਾਰਟ ਅਟੈਕ ਤੋਂ ਬਾਅਦ ਸਟਰੋਕ ਮੌਤ ਦਾ ਦੂਜਾ ਵੱਡਾ ਮੁੱਖ ਕਾਰਨ ਹੈ। ਉਨ੍ਹਾਂ ਦੱਸਿਆ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਟਰੋਕ ਦੀ ਰੋਕਥਾਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਟਰੋਕ ਹੋਣ ਦੀ ਸੂਰਤ ਵਿੱਚ ਜੇਕਰ ਜਲਦੀ ਲੋੜੀਂਦਾ ਇਲਾਜ਼ ਸ਼ੁਰੂ ਕੀਤਾ ਜਾਵੇ ਤਾਂ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ।
ਡਾ. ਬੱਗਾ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਵਿੱਚ ਬਾਂਹ ਦੀ ਕਮਜ਼ੋਰੀ, ਬੋਲਣ ਵਿੱਚ ਮੁਸ਼ਕਲ ਹੋਣ ਦੇ ਲੱਛਣ ਹੋਣ ਤਾਂ ਉਸਨੂੰ ਤੁਰੰਤ ਡਾਕਟਰੀ ਸਲਾਹ ਅਤੇ ਇਲਾਜ਼ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਣੇ ਵਿੱਚ ਚਿਕਨਾਈ ਯੁਕਤ ਚੀਜ਼ਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵੇਰ ਸ਼ਾਮ ਦੀ ਸੈਰ ਜ਼ਿੰਦਗੀ ਦਾ ਹਿੱਸਾ ਅਤੇ ਚਿੰਤਾ ਮੁਕਤ ਜ਼ਿੰਦਗੀ ਜਿਊਣੀ ਜ਼ਰੂਰੀ ਹੈ ਤਾਂ ਕਿ ਅਜਿਹੀਆਂ ਜਾਨ ਲੇਵਾ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ।