ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲਈ 4 ਨਵੰਬਰ ਤੱਕ ਸੇਵਾ ਕੇਂਦਰ ਵਿਖੇ ਜਮਾਂ ਹੋਣਗੀਆਂ ਦਰਖ਼ਾਸਤਾਂ
ਨਵਾਂਸ਼ਹਿਰ, 29 ਅਕਤੂਬਰ (ਨਿਊਜ਼ ਪੰਜਾਬ)-ਦੀਵਾਲੀ ਮੌਕੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ ਮਿਤੀ 4 ਨਵੰਬਰ ਸ਼ਾਮ 5 ਵਜੇ ਤੱਕ ਦਫ਼ਤਰੀ ਕੰਮ ਦੇ ਸਮੇਂ ਦੌਰਾਨ ਸਬ-ਡਵੀਜ਼ਨ ਵਾਈਜ਼ ਆਪਣੀਆਂ ਦਰਖ਼ਾਸਤਾਂ ਸੇਵਾ ਕੇਂਦਰ ਵਿਖੇ ਦੇ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਿਸਚਿਤ ਕੀਤੇ ਗਏ ਸਮੇਂ ਦੌਰਾਨ ਪ੍ਰਾਪਤ ਹੋਈਆਂ ਦਰਖ਼ਾਸਤਾਂ ਨੂੰ ਹੀ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ 10 ਨਵੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਲਾਟਰੀ ਸਿਸਟਮ ਰਾਹੀਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਿਆ ਜਾਵੇਗਾ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਆਰਜ਼ੀ ਲਾਇਸੰਸ ਜਾਰੀ ਕੀਤਾ ਜਾਵੇਗਾ, ਸਿਰਫ ਉਹ ਵਿਅਕਤੀ ਹੀ ਪਟਾਕੇ ਵੇਚਣ ਲਈ ਅਧਿਕਾਰਤ ਹੋਣਗੇ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ਤੋਂ ਇਲਾਵਾ ਹੋਰ ਪ੍ਰਾਪਤ ਦਰਖ਼ਾਸਤਾਂ ਰੱਦ ਮੰਨੀਆਂ ਜਾਣਗੀਆਂ।