ਅੱਧੇ ਦਹਾਕੇ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਕਣਕ ਦੀ ਬਿਜਾਈ ਕਰ ਰਿਹਾ ਹੈ ਕਿਸਾਨ ਲਾਭ ਸਿੰਘ
ਲੁਧਿਆਣਾ, 27 ਅਕਤੂਬਰ (ਨਿਊਜ਼ ਪੰਜਾਬ) – ਲਾਭ ਸਿੰਘ ਪਿੰਡ ਮਲਕਪੁਰ ਬੇਟ, ਬਲਾਕ ਮਾਂਗਟ ਦਾ ਇੱਕ ਵਾਤਾਵਰਣ ਪੱਖੀ ਕਿਸਾਨ ਹੈ। ਇਸ ਕਿਸਾਨ ਕੋਲ ਆਪਣੀ 14 ਏਕੜ ਜ਼ਮੀਨ ਹੈ ਜਿਸ ਵਿੱਚੋਂ 4 ਏਕੜ ਵਿੱਚ ਅਮਰੂਦਾਂ ਦੇ ਬਾਗ਼ ਲਾਏ ਹੋਏ ਹਨ, ਬਾਕੀ 10 ਏਕੜ ਵਿੱਚ ਇਹ ਕਿਸਾਨ ਕਣਕ, ਮੱਕੀ, ਝੋਨੇ ਦੀ ਬਿਜਾਈ ਕਰਦਾ ਹੈ। ਇਹ ਕਿਸਾਨ ਝੋਨੇ ਦੀ ਪਰਾਲੀ ਦਾ ਨਿਪਟਾਰਾ ਖੇਤ ਵਿੱਚ ਹੀ ਵਾਹ ਕੇ ਕਰਦਾ ਹੈ। ਕਿਸਾਨ ਲਾਭ ਸਿੰਘ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਉਹ ਉਲਟਾਵੇਂ ਹਲ ਦੀ ਵਰਤੋਂ ਕਰਦਾ ਹੈ ਅਤੇ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਸੰਯੁਕਤ ਕੰਬਾਈਨ ਨਾਲ ਕਰਨ ਤੋਂ ਬਾਅਦ ਰੋਟਾਵੇਟਰ ਚਲਾ ਕੇ ਖੇਤ ਦੀ ਵਹਾਈ ਕਰਦਾ ਹੈ। ਉਸਨੇ ਦੱਸਿਆ ਕਿ ਉਹ ਖੇਤੀ ਦੇ ਨਾਲ-ਨਾਲ ਡੇਅਰੀ ਫਾਰਮ ਵੀ ਚਲਾਉਂਦਾ ਹੈ, ਜਿਸ ਵਿੱਚ 10 ਮੱਝਾਂ ਅਤੇ 13 ਗਾਵਾਂ ਹਨ। ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਰੋਜ਼ਾਨਾ ਲੱਗਭਗ 2 ਕੁਇੰਟਲ ਦੁੱਧ ਚੋਇਆ ਜਾਂਦਾ ਹੈ ਜੋ ਕਿ ਪਿੰਡ ਵਿਚਲੀ ਸਹਿਕਾਰੀ ਵੇਰਕਾ ਡੇਅਰੀ ਵਿੱਚ ਪਾਉਂਦਾ ਹੈ। ਕਿਸਾਨ ਲਾਭ ਸਿੰਘ ਦਾ ਖੇਤੀਬਾੜੀ ਮਹਿਕਮੇ ਨਾਲ ਲੰਬੇ ਸਮੇਂਂ ਦਾ ਰਾਬਤਾ ਹੈ, ਇਸੇ ਕਾਰਨ ਕਿਸਾਨ ਹੋਰਾਂ ਕਿਸਾਨਾਂ ਨਾਲੋਂ ਵੱਧ ਆਮਦਨ ਲੈ ਰਿਹਾ ਹੈ ਅਤੇ ਸਹਾਇਕ ਧੰਦਿਆਂ ਨਾਲ ਜੁੜਿਆ ਹੋਇਆ ਹੈ। ਲਾਭ ਸਿੰਘ ਨੇ ਦੱਸਿਆ ਕਿ ਪਹਿਲੇ-ਪਹਿਲ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਕਲੱਬ ਦਾ ਮੈਂਬਰ ਵੀ ਰਿਹਾ ਹੈ, ਜਿੱਥੇ ਉਸਨੇ ਖੇਤੀ ਸਬੰਧੀ ਨਵੀਆਂ ਖੋਜਾਂ, ਨਵੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਨ੍ਹਾ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾਇਆ। ਕਿਸਾਨ ਨੇ ਆਪਣੀ ਸੂਝਬੂਝ ਅਤੇ ਪਿੰਡ ਸ਼ਹਿਰ ਦੇ ਨੇੜੇ ਹੋਣ ਦਾ ਫਾਇਦਾ ਉਠਾਉਣ ਲਈ ਅਮਰੂਦਾਂ ਦਾ ਬਾਗ਼ ਲਾਇਆ ਜਿਸ ਨੂੰ ਠੇਕੇ ‘ਤੇ ਦੇ ਕੇ ਕਰੀਬ 80 ਹਜ਼ਾਰ ਪ੍ਰਤੀ ਏਕੜ ਆਮਦਨ ਹਾਸਲ ਕਰਦਾ ਹੈ।
ਲਾਭ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਸ ਦੀ ਸਫਲਤਾ ਦਾ ਰਾਜ ਲਗਾਤਾਰ ਮਿਹਨਤ ਅਤੇ ਸਿਰੜ ਨਾਲ ਕੰਮੀ ਲੱਗੇ ਰਹਿਣਾ ਹੈ, ਕਿਉਕਿ ਕਿਸਾਨ ਦੇ ਦੱਸਣ ਅਨੁਸਾਰ ਪਿੰਡ ਮਲਕਪੁਰ ਵਿੱਚ ਟਿੱਬਿਆਂ ਦੀ ਭਰਮਾਰ ਹੁੰਦੀ ਸੀ ਅਤੇ ਖੇਤੀ ਕਰਨਾ ਬਹੁਤ ਮੁਸ਼ਕਿਲ ਕੰਮ ਸਮਝਿਆ ਜਾਂਦਾ ਸੀ, ਹੌਲੀ-ਹੌਲੀ ਟਿੱਬੇ ਵਾਹ ਕੇ ਇਹ ਜ਼ਮੀਨ ਝੋਨੇ ਦੀ ਕਾਸ਼ਤ ਤੱਕ ਪਹੁੰਚ ਗਈ ਹੈ। ਉਸਨੇ ਦੱਸਿਆ ਕਿ ਇਸ ਮੁਕਾਮ ‘ਤੇ ਪਹੁੰਚਣ ਲਈ ਸਖ਼ਤ ਮਿਹਨਤ ਦੀ ਲੋੜ ਪੈਂਦੀ ਹੈ। ਸਹਾਇਕ ਧੰਦੇ ਡੇਅਰੀ ਫਾਰਮਿੰਗ ਬਾਰੇ ਕਿਸਾਨ ਨੇ ਦੱਸਿਆ ਕਿ ਇਸ ਨਾਲ ਘਰ ਦੇ ਰੋਜਮਰ੍ਹਾ ਦੇ ਖਰਚੇ ਅਸਾਨੀ ਨਾਲ ਭੁਗਤ ਜਾਂਦੇ ਹਨ ਜਿਸ ਕਾਰਨ ਹਾੜੀ-ਸਾਉਣੀ ਦੀ ਆਮਦਨ ਦਾ ਕੁੱਝ ਹਿੱਸਾ ਕਿਸਾਨ ਔਖੇ ਸਮੇਂ ਲਈ ਬਚਾ ਕੇ ਆਪਣਾ ਆਰਥਕ ਪੱਧਰ ਉਪਰ ਚੁੱਕ ਸਕਦਾ ਹੈ। ਇਹ ਕਿਸਾਨ ਕੀਟਨਾਸ਼ਕਾਂ, ਰਸਾਇਣਾਂ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਦੇ ਨਾਲ-ਨਾਲ ਵਾਤਾਵਰਨ ਨੂੰ ਬਚਾਉਣ ਲਈ ਲੱਗਭਗ ਅੱਧੇ ਦਹਾਕੇ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾ ਅੱਗ ਲਾਏ ਕਣਕ ਦੀ ਬਿਜਾਈ ਕਰ ਰਿਹਾ ਹੈ। ਇਹ ਸਭ ਯਤਨਾਂ ਨਾਲ ਇਹ ਕਿਸਾਨ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਕੇ ਸਾਹਮਣੇ ਆ ਰਿਹਾ ਹੈ।