ਲਾਕਡਾਊਨ ਸਮੇਂ ਜ਼ਰੂਰਤਮੰਦਾਂ ਲਈ ਆਈਆਂ ਆਟੇ ਦੀਆਂ ਬੋਰੀਆਂ ਜ਼ਮੀਨ ‘ਚ ਦੱਬੀਆਂ ਮਿਲੀਆਂ
ਬਠਿੰਡਾ, 27 ਅਕਤੂਬਰ (ਨਿਊਜ਼ ਪੰਜਾਬ) : ਬਠਿੰਡਾ ਦੇ ਜੌਗਰ ਪਾਰਕ ਵਿੱਚ ਆਟੇ ਦੀਆਂ ਸੈਂਕੜੇ ਬੋਰੀਆਂ ਜ਼ਮੀਨ ਵਿੱਚ ਦੱਬੀਆਂ ਮਿਲਣ ਦੀ ਖਬਰ ਹੈ। ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸਾਰਾ ਆਟਾ ਸਰਕਾਰ ਵੱਲੋਂ ਕੋਰੋਨਾ ਕਾਰਨ ਤਾਲਾਬੰਦੀ ਸਮੇਂ ਵਿੱਚ ਲੋੜਵੰਦਾਂ ਤੱਕ ਵੰਡਿਆ ਜਾਣਾ ਸੀ ਪ੍ਰੰਤੂ ਨਾ ਤਾਂ ਇਹ ਆਟਾ ਲੋੜਵੰਦਾਂ ਤੱਕ ਪਹੁੰਚਿਆ ਤੇ ਪਿਆ-ਪਿਆ ਹੀ ਖਰਾਬ ਹੋ ਗਿਆ। ਆਪਣੀ ਨਾਕਾਮੀ ਉਤੇ ਪਰਦਾ ਪਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਸ ਨੂੰ ਬਠਿੰਡਾ ਦੇ ਜੌਗਰ ਪਾਰਕ ਦੀ ਜ਼ਮੀਨ ਵਿੱਚ ਦੱਬ ਦਿੱਤਾ। ਇਸ ਮਾਮਲੇ ਦੀ ਭਿਣਕ ਮੀਡੀਆ ਨੂੰ ਲੱਗਦੇ ਹੀ ਮੌਕੇ ਉਤੇ ਨਗਰ ਨਿਗਮ ਦੇ ਅਧਿਕਾਰੀ ਆਪਣੇ ਲਾਮ ਲਸ਼ਕਰ ਦੇ ਨਾਲ ਪਹੁੰਚੇ ਹਨ ਅਤੇ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਸਰਕਾਰੀ ਰਾਸ਼ਨ ਜਾਂ ਆਟਾ ਨਹੀਂ ਹੈ ਬਲਕਿ ਉਨ੍ਹਾਂ ਵੱਲੋਂ ਇਕੱਠਾ ਕੀਤਾ ਗਿਆ ਅਤੇ ਕਰੋਨਾ ਦੇ ਸਮੇਂ ਵਿੱਚ ਲੋੜਵੰਦਾਂ ਤੱਕ ਦੇਣਾ ਸੀ ਪ੍ਰੰਤੂ ਉਨ੍ਹਾਂ ਵੱਲੋਂ ਨਹੀਂ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੀਆਂ ਡਿਊਟੀਆਂ ਵੀ ਕਰੋਨਾ ਵਿੱਚ ਲੱਗੀਆਂ ਹੋਈਆਂ ਸਨ। ਇਸ ਕਰਕੇ ਇਸ ਨੂੰ ਕੋਈ ਮੁੱਦਾ ਨਾ ਬਣਾਇਆ ਜਾਵੇ। ਅਸੀਂ ਖ਼ੁਦ ਦੇ ਆਟੇ ਦੀਆਂ ਬੋਰੀਆਂ ਇਥੇ ਦੱਬੀਆਂ ਹਨ। ਜੇਕਰ ਇਹ ਖ਼ਰਾਬੇ ਆਟਾ ਅਸੀਂ ਜਾਨਵਰਾਂ ਨੂੰ ਵੀ ਪਾ ਦਿੰਦੇ ਤਾਂ ਉਨ੍ਹਾਂ ਦੀ ਵੀ ਮੌਤ ਹੋ ਸਕਦੀ ਸੀ। ਮੌਕੇ ਤੇ ਪਹੰਚੇ ਅਧਿਕਾਰੀ ਬੇਸ਼ਕ ਕੋਈ ਵੀ ਤਰਕ ਦੇਣ ਪ੍ਰੰਤੂ ਮੀਡੀਆ ਦਾ ਕੈਮਰਾ ਦੇਖਦਿਆਂ ਹੀ ਜੇਸੀਬੀ ਮਸ਼ੀਨ ਨੂੰ ਬੰਦ ਕਿਉਂ ਕਰ ਦਿੱਤਾ ਗਿਆ ਅਤੇ ਸਾਰੇ ਪੁੱਟੇ ਹੋਏ ਟੋਏ ਨੂੰ ਦੁਬਾਰਾ ਪੂਰ ਦਿੱਤੇ ਗਏ। ਫਿਲਹਾਲ ਇਹ ਪੂਰੇ ਦਾ ਪੂਰਾ ਮਾਮਲਾ ਇੱਕ ਜਾਂਚ ਦਾ ਵਿਸ਼ਾ ਹੈ ਕਿਉਂਕਿ ਏਨੀ ਵੱਡੀ ਗਿਣਤੀ ਵਿੱਚ ਇਸ ਆਟੇ ਦੀਆਂ ਬੋਰੀਆਂ ਨੇ ਪਤਾ ਨਹੀਂ ਕਿੰਨੇ ਭੁੱਖਿਆਂ ਦਾ ਢਿੱਡ ਭਰਨਾ ਸੀ।