ਗਾਂਧੀ ਜਯੰਤੀ ‘ਤੇ ਮੁਲਤਵੀ ਕੀਤੇ ਗਏ ਆਨਲਾਈਨ ਕੁਇਜ਼ ਮੁਕਾਬਲੇ ਦੀ ਨਵੀਂ ਮਿਤੀ 27 ਅਕਤੂਬਰ

-ਜੇਤੂਆਂ ਨੂੰ ਨਕਦ ਇਨਾਮ ਤੇ ਪ੍ਰਮਾਣ-ਪੱਤਰ ਵੀ ਦਿੱਤੇ ਜਾਣਗੇ – ਜ਼ਿਲ੍ਹਾ ਚੋਣ ਅਫ਼ਸਰ
ਲੁਧਿਆਣਾ, 26 ਅਕਤੂਬਰ (ਨਿਊਜ਼ ਪੰਜਾਬ) – ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਗਾਂਧੀ ਜਯੰਤੀ ‘ਤੇ ਮੁਲਤਵੀ ਕੀਤੇ ਗਏ ਆਨਲਾਈਨ ਕੁਇਜ਼ ਮੁਕਾਬਲੇ ਦੀ ਨਵੀਂ ਤਾਰੀਖ ਜਾਰੀ ਕੀਤੀ ਗਈ ਹੈ। ਇਨ੍ਹਾ ਮੁਕਾਬਲਿਆਂ ਦੇ ਜੇਤੂਆਂ ਲਈ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਂਧੀ ਜਯੰਤੀ ‘ਤੇ ਮੁਲਤਵੀ ਕੀਤੇ ਗਏ ਆਨਲਾਈਨ ਕੁਇਜ਼ ਮੁਕਾਬਲੇ ਦੀ ਨਵੀਂ ਮਿਤੀ 27 ਅਕਤੂਬਰ, 2020 ਰੱਖੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮੁਕਾਬਲੇ ਵੱਖ-ਵੱਖ ਜ਼ਿਲ੍ਹਿਆਂ ਦੇ ਗਰੁੱਪ ਬਣਾ ਕੇ ਕਰਵਾਏ ਜਾਣੇ ਹਨ, ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਗਰੁੱਪ ਵਿੱਚ ਸੰਗਰੂਰ, ਤਰਨ ਤਾਰਨ ਅਤੇ ਰੂਪਨਗਰ ਸ਼ਾਮਲ ਹਨ ਅਤੇ ਇਸ ਦਾ ਸਮਾਂ ਦੁਪਹਿਰ 02:15 ਤੋਂ 02:45 ਤੱਕ ਹੋਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਹਰ ਗਰੁੱਪ ਲਈ ਕੁਇਜ਼ ਮੁਕਾਬਲੇ ਦੇ ਲਿੰਕ ਨਿਰਧਾਰਤ ਸਮੇਂ ਤੋ਼ 5 ਮਿੰਟ ਪਹਿਲਾਂ ਫੇਸਬੁੱਕ ਅਤੇ ਟਵਿਟਰ ‘ਤੇ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫਸਰਾਂ (BLOs) ਚੋਣ ਸਾਖ਼ਰਤਾ ਕਲੱਬ (ELC) ਦੇ ਮੈਬਰਾਂ ਲਈ ਮੁਕਾਬਲੇ ਦੇ ਲਿੰਕ ਵੱਖੋ-ਵੱਖਰੇ ਹੋਣਗੇ। ਇਸ ਤੋ਼ ਇਲਾਵਾ ਕੁਇਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾਂ ਕਰਨਾ ਹੋਵੇਗਾ ਅਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮ੍ਹਾਂ ਨਹੀਂ ਕਰਨ ਦਿੱਤਾ ਜਾਵੇਗਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜੇਤੂਆਂ ਲਈ ਪਹਿਲਾ ਨਕਦ ਇਨਾਮ 5 ਹਜ਼ਾਰ, ਦੂਜ਼ਾ 4 ਹਜ਼ਾਰ ਅਤੇ ਤੀਜ਼ਾ 3 ਹਜ਼ਾਰ ਰੁਪਏ ਹੋਵੇਗਾ। ਉਨ੍ਹਾ ਕਿਹਾ ਕਿ ਜੇਕਰ ਕਿਸੇ ਸਥਾਨ ‘ਤੇ ਇੱਕ ਤੋਂ ਵੱਧ ਜੇਤੂ ਹੋਣ ਦੀ ਸੂਰਤ ਵਿੱਚ ਇਨਾਮ ਦੀ ਬਰਾਬਰ ਵੰਡ ਕੀਤੀ ਜਾਵੇਗੀ ਅਤੇ ਇੱਕੋ ਸਥਾਨ ‘ਤੇ ਤਿੰਨ ਤੋਂ ਵੱਧ ਜੇਤੂ ਹੋਣ ਦੀ ਸਥਿਤੀ ਵਿੱਚ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਇਨਾਮ ਬਰਾਬਰ ਵੰਡਿਆ ਜਾਵੇਗਾ।