ਪਿਆਜ਼ਾਂ ਦੀ ਮਾਲਾ ਲੈ ਕੇ ਪ੍ਰਚਾਰ ‘ਚ ਉਤਰੇ ਤੇਜਸਵੀ, ਕਿਹਾ- 100 ਦੇ ਕਰੀਬ ਕੀਮਤ, ਜਵਾਬ ਦੇਵੇ ਸਰਕਾਰ

ਪਟਨਾ, 26 ਅਕਤੂਬਰ (ਨਿਊਜ਼ ਪੰਜਾਬ)- ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਲਈ ਅੱਜ ਸ਼ਾਮੀਂ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ ਪਰ ਇਸੇ ਵਿਚਾਲੇ ਬਿਹਾਰ ਚੋਣਾਂ ‘ਚ ਰੁਜ਼ਗਾਰ, ਪ੍ਰਵਾਸੀ ਮਜ਼ਦੂਰਾਂ ਦੇ ਮੁੱਦਿਆਂ ਦੇ ਨਾਲ ਹੀ ਪਿਆਜ਼ ਵੀ ਹੁਣ ਇੱਕ ਮੁੱਦਾ ਬਣ ਗਿਆ ਹੈ। ਰੁਜ਼ਗਾਰ ਅਤੇ ਵਿਕਾਸ ਦੇ ਮੁੱਦੇ ਨੂੰ ਵਾਰ-ਵਾਰ ਚੁੱਕਣ ਤੋਂ ਬਾਅਦ ਹੁਣ ਆਰ. ਜੇ. ਡੀ. ਨੇਤਾ ਤੇਜਸਵੀ ਯਾਦਵ ਨੇ ਬਿਹਾਰ ਚੋਣਾਂ ‘ਚ ਪਿਆਜ਼ ਦਾ ਮੁੱਦਾ ਚੁੱਕਿਆ ਹੈ। ਤੇਜਸਵੀ ਯਾਦਵ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਜਨਤਾ ਵਿਚਾਲੇ ਗਏ। ਇਸ ਦੌਰਾਨ ਤੇਜਸਵੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪਿਆਜ਼ਾਂ ਦੀਆਂ ਮਾਲਾਵਾਂ ਲਿਆ ਕੇ ਪਿਆਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਪ੍ਰਤੀ ਵਿਰੋਧ ਜਤਾਇਆ। ਇਸ ਮੌਕੇ ਬੋਲਦਿਆਂ ਯਾਦਵ ਨੇ ਕਿਹਾ, ”ਪਿਆਜ਼ 100 ਰੁਪਏ ਦੇ ਕਰੀਬ ਪਹੁੰਚਣ ਵਾਲਾ ਹੈ। ਰੁਜ਼ਗਾਰ ਨਹੀਂ ਹੈ, ਲੋਕਾਂ ਨੂੰ ਖਾਣੇ ਦੀ ਚਿੰਤਾ ਸਤਾ ਰਹੀ ਹੈ। ਪਿਆਜ਼ 50-60 ਰੁਪਏ ਕਿਲੋ ਹੋਣ ‘ਤੇ ਪਿਆਜ਼ ਦਾ ਰੋਣਾ ਜਿਹੜੇ ਲੋਕ ਰੋਂਦੇ ਸਨ, ਹੁਣ ਇਹ ਲੋਕ ਕਿਥੇ ਗਏ, ਹੁਣ ਤਾਂ ਪਿਆਜ਼ 80 ਤੋਂ ਪਾਰ ਹੈ। ਦੇਸ਼ ਭਰ ‘ਚ ਗ਼ਰੀਬਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਹੈ, ਉਨ੍ਹਾਂ ‘ਤੇ ਹਮਲੇ ਕੀਤੇ ਜਾ ਰਹੇ ਹਨ।”