ਪਟਿਆਲਾ ਪੁਲਿਸ ਹਾਈ-ਟੈਕ ਹੋਈ, ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਅਰਪਿਤ ਸ਼ੁਕਲਾ ਵੱਲੋਂ ਪਟਿਆਲਾ ਪੁਲਿਸ ਲਈ ਈ-ਡੋਜ਼ੀਅਰ ਵੈਰੀਪਟਿਆਲਾ ਜਾਰੀ
ਪਟਿਆਲਾ, 23 ਅਕਤੂਬਰ (ਗੁਰਦੀਪ ਸਿੰਘ ਦੀਪ )-ਪਟਿਆਲਾ ਪੁਲਿਸ ਦਾ ਸਮਾਰਟ ਪੁਲਿਸਿੰਗ ਵੱਲ ਇੱਕ ਹੋਰ ਕਦਮ ਵਧਾਉਂਦਿਆਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਸ੍ਰੀ ਅਰਪਿਤ ਸ਼ੁਕਲਾ ਨੇ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਅਤੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਦੇ ਨਾਲ ਮਿਲਕੇ ਜ਼ਿਲ੍ਹਾ ਪਟਿਆਲਾ ਪੁਲਿਸ ਲਈ ਵੈਬ ਅਧਾਰਤ ਦੋ ਨਿਵੇਕਲੇ ਉਪਰਾਲੇ ‘ਈ-ਡੋਜ਼ੀਅਰ ਅਤੇ ਵੈਰੀਪਟਿਆਲਾ’ ਜਾਰੀ ਕੀਤੇ। ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਈ-ਡੋਜ਼ੀਅਰ ਪਟਿਆਲਾ ਪੁਲਿਸ ਦਾ ਇੱਕ ਅੰਤਰ-ਵਿਭਾਗੀ ਉਪਰਾਲਾ ਹੈ, ਜੋ ਕਿ ਅਪਰਾਧੀਆਂ ਨਾਲ ਸਬੰਧਤ ਤੇ ਜ਼ੁਰਮ ਸਬੰਧੀ ਸੂਚਨਾ ਇਕੱਤਰ ਕਰਨ ਨੂੰ ਸੁਖਾਲਾ ਕਰਨ ਦੇ ਮੰਤਵ ਨਾਲ ਬਣਾਇਆ ਗਿਆ ਹੈ। ਇਹ ਪੋਰਟਲ ਕਿਸੇ ਵੀ ਅਪਰਾਧੀ ਬਿਰਤੀ ਵਾਲੇ ਜਾਂ ਸ਼ੱਕੀ ਵਿਅਕਤੀ ਦੇ ਪਰਿਵਾਰਕ ਪਿਛੋਕੜ, ਬੈਂਕ ਜਾਣਕਾਰੀ ਤੇ ਉਸਦੇ ਸੋਸ਼ਲ ਮੀਡੀਆ ਬਾਰੇ ਸਮੁੱਚੀ ਜਾਣਕਾਰੀ 360 ਡਿਗਰੀ ਪ੍ਰੋਫਾਈਲ ਨਾਲ ਲੈਸ ਹੋਵੇਗਾ, ਜੋ ਕਿ ਪੁਲਿਸ ਲਈ ਬਹੁਤ ਜਿਆਦਾ ਮਹੱਤਵਪੂਰਨ ਹੋਵੇਗਾ। ਵੈਰੀ-ਪਟਿਆਲਾ, ਵੀ ਇੱਕ ਅਜਿਹਾ ਉਦਮ ਹੈ, ਉਸ ਦਾ ਮੰਤਵ ਬਾਹਰੋਂ ਆਉਣ ਵਾਲੇ ਅਜਿਹੇ ਵਿਕਅਤੀਆਂ ਦੀ ਸੂਚਨਾ ਇਕੱਤਰ ਕਰਨਾ ਹੈ, ਜਿਹੜੇ ਕਿ ਪਟਿਆਲਾ ‘ਚ ਰਹਿਣ ਦੇ ਚਾਹਵਾਨ ਹਨ, ਉਹ ਭਾਵੇਂ ਕਿਰਾਏਦਾਰ, ਕਾਮੇ ਜਾਂ ਘਰੇਲੂ ਨੌਕਰ ਆਦਿ ਹੋਣ। ਇਸ ਪ੍ਰਾਜੈਕਟ ਦਾ ਉਦੇਸ਼ ਆਮ ਨਾਗਰਿਕਾਂ ਨੂੰ ਉਤਸ਼ਾਹਤ ਕਰਨਾ ਹੈ ਕਿ ਉਹ ਆਪਣੇ ਕੋਲ ਕੰਮ ਕਰਦੇ ਵਿਅਕਤੀਆਂ, ਘਰਾਂ, ਦਫ਼ਤਰਾਂ ਆਦਿ ਦੀ ਸੂਚਨਾ ਇਸ ਵੈਬ ਸਾਈਟ ‘ਤੇ ਸਾਂਝੀ ਕਰਨ ਤਾਂ ਕਿ ਭਵਿੱਖ ਕਿਸੇ ਅਣਸੁਖਾਵੀਂ ਘਟਨਾਂ ਵਾਪਰਨ ਦੀ ਸੂਰਤ ਅਪਰਾਧੀ ਨੂੰ ਸਹਿਜੇ ਹੀ ਲੱਭਿਆ ਜਾ ਸਕੇ। ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਸਬੰਧੀ ਇੱਕ ਵੈਬ ਲਿੰਕ www.veripatiala.com ਵੀ ਤਿਆਰ ਕੀਤਾ ਗਿਆ ਹੈ, ਜਿਸ ਰਾਹੀ ਆਮ ਨਾਗਰਿਕ ਪੜਤਾਲ ਕਰਵਾਉਣ ਲਈ ਸਬੰਧਤ ਦਾ ਨਾਮ, ਫੋਨ ਨੰਬਰ, ਪਛਾਣ ਪੱਤਰ ਆਦਿ ਚੜ੍ਹਾ ਸਕਦੇ ਹਨ। ਬੀਤੇ ਸਮੇਂ ‘ਚ ਵਾਪਰੇ ਅਪਰਾਧਕ ਮਾਮਲਿਆਂ ਨੂੰ ਧਿਆਨ ‘ਚ ਰੱਖਦਿਆਂ, ਜਿਨ੍ਹਾਂ ‘ਚ ਅਜਨਬੀਆਂ ਜਾਂ ਕੱਚੇ ਕਾਮੇ ਆਦਿ ਨੇ ਸਥਾਨਕ ਵਸਨੀਕਾਂ ‘ਤੇ ਹਮਲਾ, ਕਤਲ ਜਾਂ ਕਿਸੇ ਹੋਰ ਅਪਰਾਧਕ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਅਜਿਹੀ ਘਟਨਾ ਤੋਂ ਬਚਾਅ ਲਈ ਇਹ ਉਪਰਾਲਾ ਬਹੁਤ ਕੰਮ ਆਵੇਗਾ।
ਡਾਇਰੈਕਟਰ ਸ੍ਰੀ ਸ਼ੁਕਲਾ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਮਾਹੌਲ ਤੇ ਜੁਰਮ ਰਹਿਤ ਵਾਤਾਵਰਣ ਦੀ ਸਿਰਜਣਾ ਲਈ ਜ਼ਿਲ੍ਹਾ ਪੁਲਿਸ ਨੂੰ ਸਹਿਯੋਗ ਦੇਣ ਅਤੇ ਇਸ ਵੈਰੀ ਪਟਿਆਲਾ ਲਿੰਕ ਦੀ ਵਰਤੋਂ ਕਰਕੇ ਇਸ ‘ਤੇ ਸੂਚਨਾ ਸਾਂਝੀ ਕਰਨ।