1100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਕੇ ਮੁੱਖ ਮੰਤਰੀ ਪਟਿਆਲਵੀਆਂ ਨੂੰ ਦੇਣਗੇ ਦੁਸਹਿਰੇ ਦਾ ਤੋਹਫ਼ਾ
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੀ ਉਸਾਰੀ ਸ਼ੁਰੂ ਕਰਵਾਉਣਗੇ ਕੈਪਟਨ ਅਮਰਿੰਦਰ ਸਿੰਘ
-ਨਵੇਂ ਬੱਸ ਅੱਡੇ ਤੇ ਕਿਲਾ ਮੁਬਾਰਕ ਦੁਆਲੇ ਹੈਰੀਟੇਜ਼ ਸਟਰੀਟ ਦੇ ਕੰਮ ਦੀ ਵੀ ਹੋਵੇਗੀ ਅਰੰਭਤਾ
-ਨਹਿਰੀ ਪਾਣੀ ‘ਤੇ ਅਧਾਰਤ ਬਹੁਕਰੋੜੀ ਪ੍ਰਾਜੈਕਟ ਨਾਲ ਸ਼ਾਹੀ ਸ਼ਹਿਰ ਦੀਆਂ ਪਾਣੀ ਸਬੰਧੀ ਭਵਿੱਖ ਦੀਆਂ ਲੋੜਾਂ ਹੋਣਗੀਆਂ ਪੂਰੀਆਂ
-ਡਿਪਟੀ ਕਮਿਸ਼ਨਰ ਵੱਲੋਂ ਸਮਾਗਮਾਂ ਦੀਆਂ ਤਿਆਰੀਆਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ
ਪਟਿਆਲਾ, 23 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਦੁਸਹਿਰੇ ਦਾ ਤੋਹਫ਼ਾ ਹਾਸਲ ਕਰਨ ਲਈ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਪੂਰੀਆਂ ਤਿਆਰੀਆਂ ਹੋ ਗਈਆਂ ਹਨ। 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਮੁੱਖ ਮੰਤਰੀ ਸ਼ਹਿਰ ਵਿਖੇ ਕਰੀਬ 1100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣਗੇ। ਉਨ੍ਹਾਂ ਦੇ ਨਾਲ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਮੰਤਰੀ ਮੰਡਲ ਦੇ ਕੈਬਨਿਟ ਮੰਤਰੀ ਵੀ ਮੌਜੂਦ ਰਹਿਣਗੇ। ਇਨ੍ਹਾਂ ਪ੍ਰਾਜੈਕਟਾਂ ਦੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਸ੍ਰੀ ਕੁਮਾਰ ਅਮਿਤ ਨੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੇ ਵਰ੍ਹੇ 17 ਸਤੰਬਰ ਨੂੰ ਕਾਰਜਸ਼ੀਲ ਹੋਈ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਅਤਿਆਧੁਨਿਕ ਅਤੇ ਕਲਾਤਮਕ ਬੁਨਿਆਦੀ ਢਾਂਚੇ ਦੀ ਉਸਾਰੀ ਪਿੰਡ ਸਿੱਧੂਵਾਲ (ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ) ਦੇ ਨੇੜੇ ਲੱਗਦੀ ਜਮੀਨ ਵਿਖੇ ਸ਼ੁਰੂ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਟਿਆਲਾ ਫੇਰੀ ਦੀ ਸ਼ੁਰੂਆਤ 500 ਕਰੋੜ ਰੁਪਏ ਦੇ ਇਸ ਅਹਿਮ ਤੇ ਨਿਵੇਕਲੇ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਉਸਾਰੀ ਦਾ ਨੀਂਹ ਪੱਥਰ ਰੱਖਕੇ ਕਰਨਗੇ। ਯੂਨੀਵਰਸਿਟੀ ਦੀ ਉਸਾਰੀ ਦੇ ਪਹਿਲੇ ਪੜਾਅ ਤਹਿਤ ਇੱਥੇ ਅਕਾਦਮਿਕ ਬਲਾਕ, ਪ੍ਰਬੰਧਕੀ ਬਲਾਕ, ਲੜਕਿਆਂ ਅਤੇ ਲੜਕੀਆਂ ਲਈ ਹੋਸਟਲ ਦੇ ਨਾਲ-ਨਾਲ ਸੜਕਾਂ ਤੇ ਪਾਰਕਿੰਗ ਦੀ ਉਸਾਰੀ ਕਰਵਾਈ ਜਾਵੇਗੀ। ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਰਾਜਪੁਰਾ ਰੋਡ ‘ਤੇ 60.97 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਪਟਿਆਲਾ ਦੇ ਅਤਿ-ਆਧੁਨਿਕ ਨਵੇਂ ਬੱਸ ਅੱਡੇ ਦੀ ਉਸਾਰੀ ਕਾਰਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇੱਥੇ 8.51 ਏਕੜ ਰਕਬੇ ‘ਚ ਨਵਾਂ ਬੱਸ ਅੱਡੇ ‘ਚ ਪ੍ਰਬੰਧਕੀ ਬਲਾਕ, ਕੈਸ਼ ਤੇ ਬਿਲ ਬਰਾਂਚ, ਰਿਕਾਰਡ ਰੂਮ, ਵਰਕਸ਼ਾਪ, ਤੇਲ ਪੰਪ, ਬੱਸਾਂ ਧੋਹਣ ਦਾ ਡੱਗ, ਲਿਫ਼ਟ ਆਦਿ ਬਣਨਗੇ। ਇਸੇ ਤਰ੍ਹਾਂ ਸ਼ਾਹੀ ਸ਼ਹਿਰ ਦੀ ਪੁਰਾਤਨ ਵਿਰਾਸਤੀ ਦਿਖ ਦੀ ਮੁੜ ਬਹਾਲੀ ਲਈ ਇਤਿਹਾਸਕ ਕਿਲਾ ਮੁਬਾਰਕ ਦੇ ਆਲੇ-ਦੁਆਲੇ ਕਰੀਬ 43 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤੀ ਗਲੀ ਦੀ ਉਸਾਰੀ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਵਾਈ ਜਾਵੇਗੀ। ਸਮਾਨੀਆ ਗੇਟ ਤੋਂ ਸ਼ੁਰੂ ਹੋਣ ਵਾਲੀ ਇਹ ਵਿਰਾਸਤੀ ਗਲੀ ਹਨੂਮਾਨ ਮੰਦਿਰ, ਸ਼ਾਹੀ ਸਮਾਧਾਂ, ਗੁੜ ਮੰਡੀ, ਭਾਂਡਿਆਂ ਵਾਲਾ ਬਾਜ਼ਾਰ, ਕਿਲੇ ਦਾ ਮੁੱਖ ਦਰਵਾਜਾ, ਜੁੱਤੀ ਬਾਜ਼ਾਰ, ਏ-ਟੈਂਕ ਇਲਾਕੇ ਤੱਕ ਜਾਵੇਗੀ। ਇਸ ਦੋ ਕਿਲੋਮੀਟਰ ਦੇ ਕਰੀਬ ਗਲੀ ਵਿਖੇ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕਰਨ ਸਮੇਤ ਇੱਥੇ ਪੈਂਦੇ ਘਰਾਂ ਤੇ ਦੁਕਾਨਾਂ ਦਾ ਮੂੰਹ-ਮੁਹਾਂਦਰਾ ਵੀ ਸੰਵਾਰਿਆ ਜਾਵੇਗਾ। ਇੱਥੇ ਇੱਕੋ ਜਿਹੇ ਵਿਰਾਸਤੀ ਸੰਕੇਤ ਚਿੰਨ ਉਕਰੇ ਜਾਣਗੇ ਅਤੇ ਪੁਰਾਣੀ ਦਿੱਖ ਬਹਾਲ ਕਰਕੇ ਇਸ ਥਾਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ। ਗਲੀ ‘ਚ ਰੱਖੇ ਜਾਣ ਵਾਲੇ ਫਰਨੀਚਰ, ਬੈਠਣ ਲਈ ਪਲਾਜ਼ਾ, ਪੈਦਲ ਚੱਲਣ ਵਾਲਿਆਂ ਵਿਸ਼ੇਸ਼ ਰਸਤਾ, ਲਾਲ ਪੱਥਰ ਦੇ ਨਾਲ ਉਸਰੀ ਇਸ ਗਲੀ ‘ਚ ਲੇਜ਼ਰ ਲਾਈਟਾਂ ਸੈਲਾਨੀਆਂ ਤੇ ਪਟਿਆਲਵੀਆਂ ਲਈ ਖਿੱਚ ਭਰਪੂਰ ਹੋਣਗੀਆਂ। ਇਹ ਇਲਾਕਾ ਪਹਿਲਾਂ ਹੀ ਵਿਰਾਸਤੀ ਸੈਰ ਦਾ ਹਿੱਸਾ ਰਿਹਾ ਹੈ ਅਤੇ ਇੱਥੇ ਦੀਆਂ ਪੁਰਾਤਨ ਇਮਾਰਤਾਂ, ਸਮਾਨੀਆਂ ਗੇਟ, ਸ਼ਾਹੀ ਸਮਾਧਾਂ, ਕਿਲਾ ਮੁਬਾਰਕ ਦੀ ਮੁਰੰਮਤ ਅਤੇ ਖੂਬਸੂਰਤੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਇੱਥੇ ਸੁਰੱਖਿਆ ਦੇ ਲਿਹਾਜ਼ ਨਾਲ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਟਿਆਲਾ ਫੇਰੀ ਦੌਰਾਨ ਚੌਥੇ ਤੇ ਪਟਿਆਲਵੀਆਂ ਲਈ ਅਹਿਮ, ਨਹਿਰੀ ਪਾਣੀ ‘ਤੇ ਅਧਾਰਤ 24×7 ਪਾਣੀ ਸਪਲਾਈ ਦੇ ਇਤਿਹਾਸਕ ਪ੍ਰਾਜੈਕਟ ਦੀ ਵੀ ਸ਼ੁਰੂਆਤ ਨਗਰ ਨਿਗਮ ਵਿਖੇ ਹੋਣ ਵਾਲੇ ਇੱਕ ਸਮਾਗਮ ਦੌਰਾਨ ਕਰਵਾਈ ਜਾਵੇਗੀ। ਪਟਿਆਲਵੀਆਂ ਲਈ ਲਾਈਫ਼-ਲਾਈਨ ਨਹਿਰੀ ਪਾਣੀ ਦਾ ਇਹ ਪ੍ਰਾਜੈਕਟ ਸ਼ਹਿਰ ਵਾਸੀਆਂ ਦੀ ਪਾਣੀ ਸਬੰਧੀਂ ਭਵਿੱਖ ਦੀਆਂ ਲੋੜਾਂ ਪੂਰੀਆਂ ਕਰੇਗਾ। ਇਸ ਪ੍ਰਾਜੈਕਟ ਲਈ ਲੋੜੀਂਦੀ 24.6 ਏਕੜ ਜਗ੍ਹਾ ਪਹਿਲਾਂ ਹੀ ਹਾਸਲ ਕਰ ਲਈ ਗਈ ਹੈ। ਡਿਪਟੀ ਕਮਿਸ਼ਨਰ ਵੱਲੋਂ ਅੱਜ ਇਸ ਸਬੰਧੀਂ ਮੁੱਖ ਮੰਤਰੀ ਦੇ ਸਮਾਗਮਾਂ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।