ਵਿਜੈ ਇੰਦਰ ਸਿੰਗਲਾ ਨੇ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਕਿਸਾਨ ਬਿੱਲਾਂ ‘ਤੇ ਸਥਿਤੀ ਸਪਸ਼ਟ ਕਰਨ ਲਈ ਵੰਗਾਰਿਆ
ਸੰਗਰੂਰ, 23 ਅਕਤੂਬਰ (ਨਿਊਜ਼ ਪੰਜਾਬ)- ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੀ ਵਿਧਾਨ ਸਭਾ ‘ਚ ਕਾਂਗਰਸ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਪੱਖੀ ਬਿੱਲਾਂ ‘ਤੇ ਪੰਜਾਬ ਨਾਲ ਸਬੰਧਿਤ ਭਾਜਪਾ ਲੀਡਰਾਂ ਵਲੋਂ ਧਾਰੀ ਚੁੱਪ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਇਨ੍ਹਾਂ ਬਿੱਲਾਂ ‘ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਵੰਗਾਰਿਆ ਹੈ। ਸਿੰਗਲਾ ਨੇ ਪੁੱਛਿਆ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪਾਸ ਕੀਤੇ ਇਨ੍ਹਾਂ ਬਿੱਲਾਂ ‘ਤੇ ਪੰਜਾਬ ਦੀ ਭਾਜਪਾ ਯੂਨਿਟ ਦੇ ਲੀਡਰਾਂ ਨੇ ਚੁੱਪੀ ਕਿਉ ਧਾਰੀ ਹੋਈ ਹੈ? ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਇਸੇ ਵੇਲੇ ਇਨ੍ਹਾਂ ਬਿੱਲਾਂ ‘ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਇਨ੍ਹਾਂ ਬਿੱਲਾਂ ਦੀ ਹਮਾਇਤ ਕਰਦੇ ਹਨ ਜਾਂ ਵਿਰੋਧ ‘ਚ ਖੜੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਉਨ੍ਹਾਂ ਦਾ ਅਸਲੀ ਚਿਹਰਾ ਨੰਗਾ ਹੋ ਸਕੇ। ਸਿੰਗਲਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਗਰੂਰ ਦੀ ਅਨਾਜ ਮੰਡੀ ਦੇ ਦੌਰੇ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਨਵੇਂ ਬਿੱਲਾਂ ਬਾਰੇ ਜਾਣਕਾਰੀ ਦੇਣ ਮੌਕੇ ਕੀਤਾ। ਇਸ ਮੌਕੇ ਵਿਜੈ ਇੰਦਰ ਸਿੰਗਲਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਵੱਲੋਂ ਦਿੱਤੇ ਕਿਸਾਨ ਵਿਰੋਧੀ ਬਿਆਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਨੱਢਾ ਦੇ ਬਿਆਨ ਤੋਂ ਇਹ ਸਾਫ਼ ਜਾਪਦਾ ਹੈ ਕਿ ਕੇਂਦਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਵਿਰੁੱਧ ਦਿਨ ਰਾਤ ਧਰਨਿਆਂ ‘ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਮੁੱਢੋਂ ਹੀ ਅਣਗੌਲਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਕਿਸਾਨਾਂ ਨੇ ਤਾਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ ਅਤੇ ਬੀ. ਜੇ. ਪੀ. ਦਾ ਕੌਮੀ ਪ੍ਰਧਾਨ ਬਿਨਾਂ ਜ਼ਮੀਨੀ ਹਕੀਕਤ ਜਾਣੇ ਇਨ੍ਹਾਂ ਨੂੰ ‘ਵਿਚੋਲੇ’ ਦੱਸ ਰਿਹਾ ਹੈ।