ਰੇਲਵੇ ਸਟੇਸ਼ਨ ‘ਤੇ ਆਈ ਸਵਾਰੀਆਂ ਵਾਲੀ ਗੱਡੀ, ਕਿਸਾਨਾਂ ਨੇ ਬੈਰਿੰਗ ਵਾਪਸ ਫ਼ਿਰੋਜ਼ਪੁਰ ਨੂੰ ਮੋੜੀ
ਜੈਤੋ, 23 ਅਕਤੂਬਰ (ਨਿਊਜ਼ ਪੰਜਾਬ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨਾਂ ਨੇ ਅੱਜ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ ‘ਤੇ ਅਚਾਨਕ ਸਵਾਰੀਆਂ ਵਾਲੀ ਗੱਡੀ ਦੇ ਪਹੁੰਚਣ ‘ਤੇ ਰੇਲ ਗੱਡੀ ਨੂੰ ਅੱਗੇ ਜਾਣ ਤੋਂ ਰੋਕਿਆ ਅਤੇ ਬੈਰਿੰਗ ਵਾਪਸ ਫ਼ਿਰੋਜ਼ਪੁਰ ਨੂੰ ਮੋੜ ਦਿੱਤਾ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪਿੰਡ ਦੇ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਧਰਨੇ ਨੂੰ 22 ਅਕਤੂਬਰ ਤੋਂ ਬਦਲ ਕੇ ਪਲੇਟਫ਼ਾਰਮ ਤੇ ਤਬਦੀਲ ਕਰ ਦਿੱਤਾ ਗਿਆ ਸੀ, ਜਦਕਿ ਅੱਜ ਦੇ ਧਰਨੇ ਨੂੰ ਪ੍ਰਗਟ ਸਿੰਘ ਰੋੜੀਕਪੂਰਾ, ਮਨਰਾਜ ਸਿੰਘ ਚੈਨਾ, ਹਰਮੇਲ ਸਿੰਘ ਰੋਮਾਣਾ ਅਲਬੇਲ, ਬਿੰਦਰ ਸਿੰਘ ਚੰਦਭਾਨ ਅਤੇ ਨਾਇਬ ਸਿੰਘ ਢੈਪਈ ਆਦਿ ਨੇ ਸੰਬੋਧਨ ਕਰਦਿਆ ਦੱਸਿਆ ਕਿ ਰੇਲਵੇ ਵਲੋਂ ਫ਼ਿਰੋਜ਼ਪੁਰ ਤੋਂ ਸਵਾਰੀਆਂ ਵਾਲੀ ਗੱਡੀ ਭੇਜੀ ਗਈ ਸੀ ਜੋ ਫ਼ਰੀਦਕੋਟ-ਕੋਟਕਪੂਰਾ ਤੋਂ ਹੁੰਦੀ ਹੋਈ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਰੇਲਵੇ ਸਟੇਸ਼ਨ ਤੋਂ ਪਿੱਛੇ ਹੀ ਰੋਕ ਦਿੱਤੀ ਗਈ ਅਤੇ ਬੀ. ਕੇ. ਯੂ. ਡਕੌਂਦਾ ਫ਼ਰੀਦਕੋਟ ਅਤੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲਬਾਤ 3 ਘੰਟੇ ਚੱਲਦੀ ਰਹੀ ਅਤੇ ਅਖੀਰ ਪ੍ਰਸ਼ਾਸਨ ਵਲੋਂ ਰੇਲ ਗੱਡੀ ਨੂੰ ਵਾਪਸ ਬੈਰਿੰਗ ਫ਼ਿਰੋਜ਼ਪੁਰ ਵਲੋਂ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਦੀ ਚੰਡੀਗੜ੍ਹ ‘ਚ ਮੀਟਿੰਗ ‘ਚ ਸਿਰਫ਼ ਮਾਲ ਗੱਡੀਆਂ ਨੂੰ ਬਹਾਲ ਕਰਨ ਦੀ ਗੱਲ ਹੋਈ ਸੀ ਪਰ ਕੇਂਦਰ ਸਰਕਾਰ ਵਲੋਂ ਧਰਨੇ ਫ਼ੇਲ੍ਹ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਨੇ ਦੱਸਿਆ ਕਿ ਸਿਰਫ਼ ਜ਼ਰੂਰੀ ਵਸਤਾਂ, ਕੋਲੇ ਅਤੇ ਖਾਦਾਂ ਦੀ ਸਪਲਾਈ ਲਈ ਮਾਲ ਗੱਡੀਆਂ ਦਾ ਲਾਂਘਾ ਬਹਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਬਾਨੀ ਤੇ ਅੰਡਾਨੀ ਦੀ ਕਿਸੇ ਵੀ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ ਅਤੇ ਰਿਲਾਇੰਸ ਪੈਟਰੋਲ ਪੰਪਾਂ, ਟੋਲ ਪਲਾਜ਼ਿਆਂ ਅਤੇ ਭਾਜਪਾ ਦੇ ਆਗੂਆਂ ਦੇ ਘਰ ਅੱਗੇ 5 ਨਵੰਬਰ ਤੱਕ ਇਸੇ ਤਰ੍ਹਾਂ ਧਰਨੇ ਜਾਰੀ ਰਹਿਣਗੇ।