ਸਕੂਲੀ ਵਿਦਿਆਰਥੀਆਂ ਨੂੰ ਕਿੱਤਾਮੁਖੀ ਸੇਧ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਸਰਗਰਮੀਆਂ ਤੇਜ਼
ਜਿਲ੍ਹੇ ਦੇ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ
ਪਟਿਆਲਾ, 23 ਅਕਤੂਬਰ (ਨਿਊਜ਼ ਪੰਜਾਬ)-ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਨਿਰਦੇਸ਼ਕ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਰਕਾਰੀ ਸਕੂਲਾਂ ਦੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੈਰੀਅਰ ਕੋਰਸਾਂ ਦੀ ਸਹੀ ਚੋਣ ਲਈ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਸਬੰਧੀ ਵਿਭਾਗ ਦੇ ਅਧਿਆਪਕਾਂ ਨੂੰ 27 ਤੇ 29 ਅਕਤੂਬਰ ਨੂੰ ਜਿਲ੍ਹਾਵਾਰ ਸਿਖਲਾਈ ਦਿੱਤੀ ਜਾਵੇਗੀ ਜੋ ਅੱਗੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਕੋਰਸਾਂ ਲਈ ਸੇਧ ਦੇਣ ਦੇ ਸਮਰੱਥ ਬਣਨਗੇ। ਜਿਸ ਅਧੀਨ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਕੈਰੀਅਰ ਕੋਰਸ ਦੇ ਸਬੰਧ ਵਿੱਚ ਆਨਲਾਈਨ ਰਿਫ੍ਰੈਸ਼ਰ ਕੋਰਸ ਦਾ ਸ਼ਡਿਊਲ ਭੇਜਣ, ਨੋਡਲ ਅਫ਼ਸਰ ਅਤੇ ਕੈਰੀਅਰ ਕੌਂਸਲਰ ਲਗਾਉਣ ਸਬੰਧੀ ਸਮੂਹ ਜ਼ਿਲ੍ਹਾ ਅਫ਼ਸਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਨਵੇਂ ਕੈਰੀਅਰ ਕੋਰਸਾਂ ਸਬੰਧੀ ਜਾਣਕਾਰੀ ਦੇਣ ਲਈ ਅਤੇ ਉਹਨਾਂ ਦੀ ਮਨੋਵਿਗਿਆਨਕ ਸਥਿਤੀ ਨੂੰ ਧਿਆਨ ‘ਚ ਰੱਖ ਕੇ, ਸਮੱਸਿਆਵਾਂ ਸੁਲਝਾਉਣ ਦੀ ਸਮਰੱਥਾ ਰੱਖਣ ਵਾਲੇ ਅਧਿਆਪਕ ਜਾਂ ਕੰਪਿਊਟਰ ਫੈਕਲਟੀ ਨੂੰ ਕੈਰੀਅਰ ਕੌਂਸਲਰ ਲਗਾਇਆ ਜਾਣਾ ਹੈ। ਡੀ.ਈ.ਓ. ਨੇ ਦੱਸਿਆ ਕਿ ਇਸ ਸਬੰਧੀ ਸਮੁੱਚੀਆਂ ਗਤੀਵਿਧੀਆਂ ਦੀ ਦੇਖ-ਰੇਖ ਕਰਨ ਅਤੇ ਇਸ ਦੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜਣ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨੋਡਲ ਅਫ਼ਸਰ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲਾਂ ਦੇ ਜਿਹੜੇ ਅਧਿਆਪਕ ਸਾਲ 2019-2020 ਦੌਰਾਨ ਇਸ ਪ੍ਰੋਗਰਾਮ ਸਬੰਧੀ ਸਿਖਲਾਈ ਲੈ ਚੁੱਕੇ ਹਨ, ਦਾ ਆਨਲਾਈਨ ਰਿਫ੍ਰੈਸ਼ਰ ਕੋਰਸ ਕਰਵਾਇਆ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਰੂਪ-ਰੇਖਾ ਅਨੁਸਾਰ ਇਹਨਾਂ ਅਧਿਆਪਕਾਂ ਦੀ ਆਨਲਾਈਨ ਟ੍ਰੇਨਿੰਗ 27 ਅਤੇ 28 ਅਕਤੂਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਅਨੁਸਾਰ ਦੋ ਗੇੜਾਂ ਵਿੱਚ ਹੋਵੇਗੀ। ਜਿਸ ਤਹਿਤ ਪਟਿਆਲਾ ਜਿਲ੍ਹੇ ਦੇ ਅਧਿਆਪਕਾਂ ਨੂੰ 28 ਅਕਤੂਬਰ ਨੂੰ ਸਿਖਲਾਈ ਦਿੱਤੀ ਜਾਵੇਗੀ। ਜਿਸ ਤਹਿਤ ਸਵੇਰੇ 11 ਵਜੇ ਤੋਂ 1 ਵਜੇ ਬਾਅਦ ਦੁਪਹਿਰ ਤੱਕ ਲਗਾਈ ਜਾਣ ਵਾਲੀ ਟ੍ਰੇਨਿੰਗ ਲਈ ਮੁੱਖ ਦਫ਼ਤਰ ਵੱਲੋਂ ਜ਼ਿਲ੍ਹਾ ਨੋਡਲ ਅਫ਼ਸਰਾਂ ਨੂੰ ਜ਼ੂਮ ਐਪ ਦਾ ਲਿੰਕ ਭੇਜਿਆ ਜਾਵੇਗਾ, ਜਿਸਨੂੰ ਉਹ ਜਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਭੇਜਣਾ ਯਕੀਨੀ ਬਣਾਉਣਗੇ। ਟ੍ਰੇਨਿੰਗ ਤੋਂ ਬਾਅਦ ਅਧਿਆਪਕਾਂ ਦੀ ਹਾਜ਼ਰੀ ਰਿਪੋਰਟ ਜ਼ਿਲ੍ਹਾ ਨੋਡਲ ਅਫ਼ਸਰਾਂ ਵੱਲੋਂ ਦਿੱਤੀ ਗਈ ਈ ਮੇਲ ਆਈ ਡੀ ‘ਤੇ ਮੁੱਖ ਦਫ਼ਤਰ ਨੂੰ ਭੇਜੀ ਜਾਵੇਗੀ।