ਮਲੋਟ ‘ਚ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਬੱਚਿਆਂ ਦੀ ਆਮਦ ‘ਤੇ ਮਿਲਿਆ ਜੁਲਿਆ ਅਸਰ
ਮਲੋਟ, 19 ਅਕਤੂਬਰ (ਨਿਊਜ਼ ਪੰਜਾਬ) – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲ ਤੇ ਨਿੱਜੀ ਸਕੂਲਾਂ ਨੂੰ ਖੋਲ੍ਹਣ ਦੇ ਕੀਤੇ ਐਲਾਨ ਤੋਂ ਬਾਅਦ ਅੱਜ ਭਾਵੇਂ ਬਹੁਗਿਣਤੀ ਸਕੂਲ ਖ਼ਾਸ ਕਰ ਨਿੱਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲ ਖੁੱਲ੍ਹ ਗਏ ਹਨ, ਪਰ ਬੱਚਿਆਂ ਦੀ ਆਮਦ ਨੂੰ ਲੈ ਕੇ ਮਿਲਿਆ-ਜੁਲਿਆ ਅਸਰ ਵਿਖਾਈ ਦੇ ਰਿਹਾ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰ 9 ਵਜੇ ਤੱਕ ਸਿਰਫ਼ 20 ਕੁ ਵਿਦਿਆਰਥੀ ਆਪਣੇ ਮਾਪਿਆਂ ਵੱਲੋਂ ਲਏ ਗਏ ਸਵੈ ਘੋਸ਼ਣਾ ਪੱਤਰ ਲੈ ਕੇ ਪੁੱਜੇ ਹੋਏ ਸਨ ਅਤੇ ਦੂਜੇ ਪਾਸੇ ਨਿੱਜੀ ਸਕੂਲ ‘ਚ 50 ਵਿਦਿਆਰਥੀ 9ਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਹਾਜ਼ਰ ਹੋਏ ਸਨ । ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਵਿਦਿਆਰਥੀਆਂ ਤੋਂ ਸਵੈ ਘੋਸ਼ਣਾ ਪੱਤਰ ਲੈ ਕੇ ਸਕੂਲ ਵਿਚ ਪ੍ਰਵੇਸ਼ ਕਰਨ ਦਿੱਤਾ ਜਾ ਰਿਹਾ ਹੈ। ਇੱਕ ਹੋਰ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਕੋਲ 250 ਦੇ ਕਰੀਬ ਮਾਪਿਆ ਦੇ ਸਵੈ ਘੋਸ਼ਣਾ-ਪੱਤਰ ਪਹੁੰਚ ਗਏ ਹਨ ਜੋ ਕਿ ਕੁਲ ਵਿਦਿਆਰਥੀਆ ਦਾ 50 ਫ਼ੀਸਦੀ ਹੈ। ਪੂਰੀ ਤਰ੍ਹਾਂ ਸਾਫ਼ ਸਫ਼ਾਈ ਉਪਰੰਤ ਬੁੱਧਵਾਰ ਨੂੰ ਸਰਕਾਰੀ ਹਦਾਇਤਾਂ ਮੁਤਾਬਿਕ ਸਕੂਲ ਲਾਇਆ ਜਾਵੇਗਾ।