ਜ਼ਿਲ੍ਹਾ ਮੋਗਾ ਵਿੱਚ ‘ ਸਮਾਰਟ ਵਿਲੇਜ ਮੁਹਿੰਮ ‘ ਦੇ ਦੂਜੇ ਗੇੜ ਦੀ ਸ਼ੁਰੂਆਤ
ਪੰਜਾਬ ਵਿੱਚ ਸੂਬੇ ਦੇ ਸਰਬਪੱਖੀ ਵਿਕਾਸ ਲਈ ਨੀਂਹ ਨੂੰ ਮਜਬੂਤ ਕਰਨ ਉਤੇ ਜੋਰ ਦਿੱਤਾ ਜਾ ਰਿਹਾ – ਮੁਹੰਮਦ ਸਦੀਕ
ਪਹਿਲੇ ਗੇੜ ਵਿੱਚ ਜ਼ਿਲ੍ਹਾ ਮੋਗਾ ਨੂੰ ਪ੍ਰਾਪਤ ਹੋਏ ਸਨ 34.39 ਕਰੋੜ ਰੁਪਏ
ਮੋਗਾ, 17 ਅਕਤੂਬਰ (ਡਾ: ਸਵਰਨਜੀਤ ਸਿੰਘ) – ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ ਸਮਾਰਟ ਵਿਲੇਜ ਮੁਹਿੰਮ ‘ ਦੇ ਦੂਜੇ ਗੇੜ ਦੀ ਸ਼ੁਰੂਆਤ ਹੋ ਗਈ ਹੈ। ਇਸ ਮੁਹਿੰਮ ਦਾ ਸੰਸਦ ਮੈਬਰ ਸ਼੍ਰੀ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਤੋਂ ਵੀਡੀਉ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਈ ਕੈਬਿਨੇਟ ਮੰਤਰੀ, ਸੰਸਦ ਮੈਂਬਰ, ਵਿਧਾੲਿਕ ਅਤੇ ਵੱਡੀ ਗਿਣਤੀ ਵਿੱਚ ਲੋਕ ਆਨਲਾਈਨ ਜੁੜੇ ਹੋਏ ਸਨ।
ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ ਜਿਸ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਮੁਹੰਮਦ ਸਦੀਕ ਮੁੱਖ ਮਹਿਮਾਨ ਵਜੋਂ ਪਹੁੰਚੇ। ਜਦਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਐੱਸ ਡੀ ਐਮ ਮੋਗਾ ਸ੍ਰ ਸਤਵੰਤ ਸਿੰਘ ਅਤੇ ਹੋਰ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੇ ਰਹੀ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਾਰੇ ਪਿੰਡਾਂ ਵਿੱਚ ਲੋਕਾਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹਨਾਂ ਸਹੂਲਤਾਂ ਵਿੱਚ ਸਾਫ ਪੀਣ ਵਾਲਾ ਪਾਣੀ, ਗਲੀਆਂ ਨਾਲੀਆਂ, ਸੜਕਾਂ, ਪਾਰਕਾਂ ਅਤੇ ਸਟਰੀਟ ਲਾਈਟਾਂ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹਨ। ਇਸ ਤੋਂ ਇਲਾਵਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਯੋਜਨਾ ਦਾ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸਮਰਾਟ ਵਿਲੇਜ਼ ਮੁਹਿੰਮ ਫੇਸ-1 ਤਹਿਤ ਜਿਲ੍ਹਾ ਮੋਗਾ ਨੂੰ 34.39 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ। ਇਸ ਨਾਲ ਜ਼ਿਲ੍ਹਾ ਮੋਗਾ ਵਿੱਚ 740 ਵੱਖ-ਵੱਖ ਵਿਕਾਸ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਟੀਚਾ ਮਿਥਿਆ ਗਿਆ ਸੀ। ਇਸ ਮੁਹਿੰਮ ਤਹਿਤ ਆਰ.ਡੀ.ਐਫ, ਮਗਨਰੇਗਾ ਅਤੇ 14 ਵਿੱਤ ਕਮਿਸ਼ਨ ਦੇ ਫੰਡ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਗਏ ਸਨ। ਇਨ੍ਹਾਂ ਫੰਡਾਂ ਨਾਲ ਜ਼ਿਲ੍ਹਾ ਮੋਗਾ ਦੀਆਂ ਸਾਰੀਆਂ ਗਰਾਮ ਪੰਚਾਇਤਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਗਏ।
ਇਸੇ ਮੁਹਿੰਮ ਤਹਿਤ ਬਾਕੀ ਗ੍ਰਾਮ ਪੰਚਾਇਤਾਂ ਦੇ ਨਾਲ ਨਾਲ ਬਲਾਕ ਕੋਟ ਈਸੇ ਖਾਂ ਦੀ ਗਰਾਮ ਪੰਚਾਇਤ ਖੋਸਾ ਕੋਟਲਾ ਵਿੱਚ ਵੀ ਸਮਰਾਟ ਵਿਲੇਜ਼ ਮੁਹਿੰਮ ਤਹਿਤ ਪਿੰਡ ਵਿੱਚ ਵੱਖ-ਵੱਖ ਤਰ੍ਹਾਂ ਦੇ 42.07 ਲੱਖ ਦੀ ਲਾਗਤ ਨਾਲ ਵਿਕਾਸ ਦੇ ਕੰਮ ਕਰਵਾਏ ਗਏ। ਇੱਥੇ ਸਮਰਾਟ ਵਿਲੇਜ ਮੁਹਿੰਮ ਤਹਿਤ ਪ੍ਰਾਪਤ ਗਰਾਂਟ, ਪਿੰਡ ਦੇ ਐਨ.ਆਰ.ਆਈ, ਪਿੰਡ ਦੇ ਵਸਨੀਕਾਂ ਅਤੇ ਗਰਾਮ ਪੰਚਾਇਤ ਦੇ ਪੰਚਾਇਤ ਫੰਡਾਂ ਨਾਲ ਪਿੰਡ ਵਿੱਚ ਵਿਕਾਸ ਦੇ ਕੰਮ ਵੱਡੇ ਪੱਧਰ ਤੇ ਕਰਵਾਕੇ ਪਿੰਡ ਦੀ ਨੁਹਾਰ ਬਦਲੀ ਗਈ, ਜਿਸ ਤਹਿਤ ਆਂਗਨਵਾੜੀ ਸੈਂਟਰ ਦੀ ਬਿਲਡਿੰਗ ਦਾ ਕੰਮ, ਜਿੰਮ ਦਾ ਕਮਰਾ ਤਿਆਰ ਕਰਕੇ ਜਿੰਮ ਦਾ ਸਮਾਨ/ਮਸ਼ੀਨਾਂ ਫਿੱਟ ਕੀਤੀਆਂ ਗਈਆਂ, ਪਸੂ ਹਸਪਤਾਲ ਦੀ ਚਾਰਦੀਵਾਰੀ ਅਤੇ ਬਿਲਡਿੰਗ ਦੀ ਮੁਰੰਮਤ ਕਰਵਾਈ ਗਈ, ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ, ਧਰਮਸ਼ਾਲਾ ਦੀ ਉਸਾਰੀ, ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਗਾਈਆਂ ਗਈਆਂ, ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਗਿਆ, ਛੱਪੜ ਦੇ ਗੰਦੇ ਪਾਣੀ ਨੂੰ ਟਰੀਟ ਕਰਕੇ ਆਰ.ਸੀ.ਸੀ. ਪਾਈਪਾਂ ਰਾਹੀ ਪਿੰਡ ਦੇ ਬਾਹਰ ਵਾਲੇ ਛੱਪੜ ਵਿੱਚ ਨਿਕਾਸ ਕੀਤਾ ਗਿਆ, ਪਲਾਂਟੇਸ਼ਨ ਕਰਵਾਈ ਗਈ ਅਤੇ ਸਟਰੀਟ ਲਾਈਟਾਂ ਲਗਾਈਆਂ ਗਈਆਂ।
ਗਰਾਮ ਪੰਚਾਇਤ ਖੋਸਾ ਕੋਟਲਾ ਵੱਲੋ ਕਰਵਾਏ ਗਏ ਵਿਕਾਸ ਦੇ ਕੰਮਾਂ ਕਾਰਨ ਆਂਗਣਵਾੜੀ ਸੈਂਟਰ ਵਿੱਚ ਛੋਟੇ ਬੱਚਿਆਂ ਦੀ ਪੜ੍ਹਾਈ ਦਾ ਵਧੀਆ ਪ੍ਰਬੰਧ ਹੋਇਆ, ਪਿੰਡ ਦੇ ਜਿੰਮ ਕਾਰਨ ਨੌਜਵਾਨਾਂ ਨੂੰ ਕਸਰਤ ਕਰਨ ਲਈ ਮੁੱਖ ਸੁਵਿਧਾ ਉਪਲੱਬਧ ਹੋਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਉਪਰਾਲਾ ਕੀਤਾ ਗਿਆ। ਖੇਡ ਸਟੇਡੀਅਮ ਦੇ ਨਿਰਮਾਣ ਨਾਲ ਕਈ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ, ਜਿਵੇ ਕਿ ਵਾਲੀਵਾਲ, ਕਬੱਡੀ, ਫੁੱਟਬਾਲ ਅਤੇ ਐਥਲੀਟ ਕੋਰਟ ਤਿਆਰ ਕੀਤੇ ਗਏ। ਖੇਡ ਸਟੇਡੀਅਮ ਵਿੱਚ ਸਵੇਰੇ ਸ਼ਾਮ ਪਿੰਡ ਦੇ ਬਜੁਰਗ, ਨੌਜਵਾਲ, ਬੱਚੇ ਸੈਰ ਕਰਨ ਲਈ ਆਉਦੇ ਹਨ। ਪਿੰਡ ਦੀਆਂ ਗਲੀਆਂ ਵਿੱਚ ਲਗਾਈਆਂ ਗਈਆਂ ਇੰਟਰਲਾਕ ਟਾਇਲਾਂ ਨਾਲ ਪਿੰਡ ਦੀ ਨੁਹਾਰ ਬਦਲੀ ਅਤੇ ਪਲਾਂਟੇਸ਼ਨ ਕਾਰਨ ਪਿੰਡ ਹਰਿਆ-ਭਰਿਆ ਨਜ਼ਰ ਆਉ਼ਦਾ ਹੈ। ਸਮੇਂ ਦੀ ਲੋੜ ਅਨੁਸਾਰ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਤਿਆਰ ਕੀਤਾ ਗਿਆ, ਜਿਸ ਕਾਰਨ ਪਿੰਡ ਦੇ ਵਿਦਿਆਰਥੀਆਂ ਦਾ ਪੜ੍ਹਾਈ ਵੱਲ ਧਿਆਨ ਵਧਿਆ ਹੈ। ਪਿੰਡ ਵਿੱਚ ਸਟਰੀਟ ਲਾਈਟਾਂ ਲੱਗਣ ਕਾਰਨ ਪਿੰਡ ਵਿੱਚ ਰੌਸ਼ਨੀ ਰਹਿੰਦੀ ਹੈ ਅਤੇ ਚੋਰੀ/ਹੋਰ ਘਟਨਾਵਾਂ ਤੋਂ ਬਚਾਅ ਹੋਇਆ ਹੈ। ਪਿੰਡ ਵਿੱਚੋ ਗੰਦੇ ਪਾਣੀ ਨੂੰ ਟਰੀਟ ਕਰਕੇ ਬਾਹਰ ਛੱਪੜ ਵਿੱਚ ਪਾਉਣ ਨਾਲ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਹੋਇਆ ਹੈ, ਇਸਦੇ ਨਾਲ ਹੀ ਟਰੀਟ ਕੀਤੇ ਪਾਣੀ ਨਾਲ ਫਸਲਾਂ ਨੂੰ ਸਿੰਚਾਈ ਦਾ ਸਾਧਨ ਪ੍ਰਾਪਤ ਹੋਇਆ।
ਜਿਕਰਯੋਗ ਹੈ ਕਿ ਹੁਣ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਮਾਰਟ ਵਿਲੇਜ਼ ਮੁਹਿੰਮ ਦੇ ਫੇਸ-2 ਤਹਿਤ ਗਰਾਂਟ ਜਾਰੀ ਕੀਤੀ ਜਾ ਰਹੀ ਹੈ ਜਿਸ ਨਾਲ ਜ਼ਿਲ੍ਹੇ ਦੀਆਂ ਸਮੂਹ 340 ਗਰਾਮ ਪੰਚਾਇਤਾਂ ਵਿੱਚ ਵਿਕਾਸ ਦੇ ਕੰਮ ਕੀਤੇ ਜਾਣੇ ਹਨ। ਸਮਾਗਮ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਲਈ ਸਹਿਯੋਗ ਦਿੱਤਾ ਜਾਵੇ।