ਸਕਿਓਰਟੀ ਗਾਰਡਾਂ ਨੇ ਮੁੜ 20 ਨੂੰ ਜੇਲ੍ਹ ਮੂਹਰੇ ਧਰਨਾ ਦੇਣ ਦਾ ਕੀਤਾ ਐਲਾਨ
ਸੰਗਰੂਰ, 17 ਅਕਤੂਬਰ (ਨਿਊਜ਼ ਪੰਜਾਬ)- ਅੱਜ ਪੈਸਕੋ ਅਧੀਨ ਸੇਵਾ ਕਰ ਰਹੇ ਗਾਰਡਾਂ ਵਲੋਂ ਪੰਜਾਬ ਐਕਸ ਸਰਵਿਸਮੈਨ ਸਕਿਓਰਟੀ ਗਾਰਡ ਯੂਨੀਅਨ ਦੀ ਅਗਵਾਈ ਹੇਠ ਸਥਾਨਕ ਬਨਾਸਰ ਬਾਗ਼ ਵਿਖੇ ਮੀਟਿੰਗ ਕੀਤੀ ਗਈ । ਮੀਟਿੰਗ ‘ਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਬੀਤੇ ਕੱਲ੍ਹ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ ਜੇਲ੍ਹ ਦੇ ਗਾਰਡਾਂ ਵਲੋਂ ਤਨਖ਼ਾਹ ਸਮੇਂ ਸਿਰ ਨਾ ਮਿਲਣ, ਤਨਖ਼ਾਹ ਕਟੌਤੀ ਅਤੇ ਹੋਰ ਕਈ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਸੰਗਰੂਰ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿੱਥੇ ਮੌਕੇ ‘ਤੇ ਤਹਿਸੀਲਦਾਰ ਅਤੇ ਥਾਣਾ ਸਿਟੀ 1 ਦੇ ਐਸ. ਐਚ. ਓ. ਵਲੋਂ ਭਰੋਸਾ ਦਿਵਾ ਕੇ ਮੰਗ ਪੱਤਰ ਲਿਆ ਗਿਆ ਸੀ ਅਤੇ ਧਰਨੇ ‘ਤੇ ਬੈਠੇ ਸਾਥੀਆਂ ਨੂੰ ਡਿਊਟੀ ‘ਤੇ ਜੁਆਇਨ ਕਰਾਉਣ ਦੀ ਗੱਲ ਕਹੀ ਗਈ ਸੀ ਪਰ ਜੇਲ੍ਹ ਦੇ ਪ੍ਰਸ਼ਾਸਨ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਗਾਰਡਾਂ ਨੂੰ ਡਿਊਟੀ ‘ਤੇ ਰੱਖਣ ਤੋਂ ਮਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਰਾਸਰ ਧੱਕਾ ਹੈ ਅਤੇ ਵਾਅਦਾ ਖ਼ਿਲਾਫ਼ੀ ਹੈ । ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਆਉਣ ਵਾਲੀ 20 ਅਕਤੂਬਰ ਨੂੰ ਯੂਨੀਅਨ ਵਲੋਂ ਸੰਗਰੂਰ ਜੇਲ੍ਹ ਦੇ ਬਾਹਰ ਧਰਨੇ ਦਾ ਸੱਦਾ ਦਿੱਤਾ ਗਿਆ ਹੈ, ਜਿਸ ‘ਚ ਗਾਰਡਾਂ ਵਲੋਂ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੌਕੇ ਨਾਭਾ ਜੇਲ੍ਹ ਦੇ ਗਾਰਡਾਂ ਵਲੋਂ ਵੀ ਆਪਣੀਆਂ ਮੰਗਾਂ ਸਬੰਧੀ ਯੂਨੀਅਨ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਆਗੂਆਂ ਨੇ ਅੰਤ ‘ਚ ਕਿਹਾ ਕਿ ਡਿਊਟੀ ‘ਤੇ ਗਾਰਡਾਂ ਨੂੰ ਬਰਕਰਾਰ ਰੱਖਣ ਅਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।