ਅਜਨਾਲਾ ਨੇੜੇ ਸੜਕ ਹਾਦਸੇ ਵਿਚ 11 ਵਿਅਕਤੀ ਜ਼ਖਮੀ

ਅਜਨਾਲਾ, 16 ਅਕਤੂਬਰ (ਨਿਊਜ਼ ਪੰਜਾਬ) – ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਤੇ ਰਿਲਾਇੰਸ ਪੈਟਰੋਲ ਪੰਪ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਕਈ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਮੌਕੇ ਤੇ ਪਹੁੰਚੇ ਥਾਣਾ ਅਜਨਾਲਾ ਦੇ ਕਾਰਜਕਾਰੀ ਐਸ.ਐਚ.ਓ ਸਬ ਇੰਸਪੈਕਟਰ ਰਮਨਦੀਪ ਕੌਰ ਵਲੋਂ ਇਲਾਜ ਲਈ 108 ਐਂਬੂਲੈਂਸ ਰਾਹੀਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਐੱਸ.ਐੱਚ.ਓ ਸਬ ਇੰਸਪੈਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਇੱਕ ਖ਼ਰਾਬ ਗੱਡੀ ਨੂੰ ਟੋਚਨ ਪਾ ਕੇ ਲਿਆ ਰਹੀ ਦੂਸਰੀ ਗੱਡੀ ਦੇ ਚਾਲਕ ਦਾ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਦੋਵੇਂ ਗੱਡੀਆਂ ਸੜਕ ਤੋਂ ਹੇਠਾਂ ਵੱਲ ਨੂੰ ਚਲੇ ਗਈਆਂ ਜਿਸ ਕਾਰਨ ਗੱਡੀਆਂ ਵਿਚ ਸਵਾਰ 3 ਔਰਤਾਂ, ਇੱਕ ਬੱਚਾ, ਅਮਰਜੀਤ ਸਿੰਘ ਅਤੇ ਗੁਰਿੰਦਰ ਸਿੰਘ ਸਮੇਤ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀ ਵਿਅਕਤੀਆਂ ਨੂੰ ਤੁਰੰਤ 108 ਐਂਬੂਲੈਂਸ ਦੀ ਸਹਾਇਤਾ ਨਾਲ ਇਲਾਜ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ।