ਤੰਬਾਕੂ ਕੰਟਰੋਲ ਐਕਟ ਤਹਿਤ ਸਿਹਤ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ
ਸਿਵਲ ਸਰਜਨ ਲੁਧਿਆਣਾ ਵੱਲੋਂ ਜਨਤਾ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਦੀ ਅਪੀਲ
ਕਿਹਾ ! ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ ਬਣਿਆ
ਲੁਧਿਆਣਾ, 15 ਅਕਤੂਬਰ (ਨਿਊਜ਼ ਪੰਜਾਬ) – ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ ਕੁਮਾਰ ਬੱਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਐਮ.ਓ. ਡਾ. ਮੰਨੂ ਵਿਜ ਅਤੇ ਮੈਡੀਕਲ ਅਫ਼ਸਰ ਡਾ. ਆਸੀਸ਼ ਚਾਵਲਾ ਦੀ ਅਗੁਵਾਈ ਵਿੱਚ ਅੱਜ ਲੁਧਿਆਣਾ ਦੇ ਗੁਰਦੇਵ ਨਗਰ ਇਲਾਕੇ ਅਤੇ ਮਲਹਾਰ ਰੋਡ ‘ਤੇ ਕੋਟਪਾ (COTPA) (ਤੰਬਾਕੂ ਕੰਟਰੋਲ ਐਕਟ) ਤਹਿਤ ਚੈਕਿੰਗ ਕੀਤੀ ਗਈ। ਡਾ. ਆਸੀਸ਼ ਚਾਵਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਤਹਿਤ ਕੋਈ ਵੀ ਤੰਬਾਕੂ ਵਿਕਰੇਤਾ ਈ-ਸਿਗਰਟ, ਵਿਦੇਸ਼ੀ ਸਿਗਰਟ ਦੀ ਵਿਕਰੀ ਨਹੀਂ ਕਰ ਸਕਦਾ, ਇਸੇ ਤਰ੍ਹਾ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਦੀ ਵਿਕਰੀ ਕਰਨੀ ਵੀ ਵਰਜਿਤ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਖੁੱਲੀ ਸਿਗਰਟ ਦੀ ਵਿਕਰੀ ਅਤੇ ਜਨਤਕ ਥਾਵਾਂ ‘ਤੇ ਸਿਗਰਟ ਅਤੇ ਤੰਬਾਕੂ ਉਤਪਾਦ ਦੀ ਵਰਤੋਂ ਦੀ ਪੂਰਨ ਤੌਰ ‘ਤੇ ਪਾਬੰਦੀ ਹੈ। ਡਾ. ਚਾਵਲਾ ਨੇ ਅੱਗੇ ਦੱਸਿਆ ਕਿ ਅੱਜ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰ. ਹਰਜਿੰਦਰ ਸਿੰਘ, ਪੁਲਿਸ ਵਿਭਾਗ, ਡਰੱਗ ਇੰਸਪੈਕਟਰ ਸੰਦੀਪ ਕੁਮਾਰ ਦੀ ਟੀਮ ਵੱਲ਼ੋ ਤੰਬਾਕੂ ਦੀਆਂ ਦੁਕਾਨਾਂ ਨੂੰ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਐਕਟ ਦੀ ਉਲੰਘਣਾਂ ਕਰਨ ਵਾਲੇ 7 ਵਿਅਕਤੀਆਂ ਦੇ ਚਾਲਾਨ ਕੀਤੇ ਗਏ ਅਤੇ ਜੁ਼ਰਮਾਨੇ ਵੀ ਕੀਤੇ ਗਏ। ਸਿਵਲ ਸਰਜਨ ਲੁਧਿਆਣਾ ਡਾ.ਬੱਗਾ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਸ ਲਈ ਇਸ ਦੀ ਵਰਤੋਂ ਤੋ ਪ੍ਰਹੇਜ ਕਰਨਾ ਅਤਿ ਜ਼ਰੂਰੀ ਹੈ। ਡਾ.ਮੰਨੂ ਵਿਜ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਹਰ ਹੀਲੇ ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਕੀਤਾ ਜਾਵੇ, ਉਲੰਘਣਾ ਕਰਨ ‘ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ।