ਪੰਜਾਬ ਵਿੱਚ 19 ਅਕਤੂਬਰ ਤੋਂ ਸਿਰਫ਼ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਖੁੱਲਣਗੇ ਸਕੂਲ – ਜਾਰੀ ਕੀਤੇ ਲੋੜੀਂਦੇ ਦਿਸ਼ਾ-ਨਿਰਦੇਸ਼
ਪੰਜਾਬ ਵਿੱਚ 19 ਅਕਤੂਬਰ ਤੋਂ ਸਿਰਫ਼ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਖੁੱਲਣਗੇ ਸਕੂਲ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ
ਵਿਦਿਆਰਥੀਆਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ, ਸਕੂਲਾਂ ਵਿੱਚ ਲੱਗਣ ਵਾਲੀਆਂ ਕਲਾਸਾਂ ’ਚ ਨਿੱਜੀ ਹਾਜ਼ਰੀ ਲਾਜ਼ਮੀ ਨਹੀਂ: ਸਿੰਗਲਾ
ਸਿੱਖਿਆ ਵਿਭਾਗ ਨੇ ਸਕੂਲ ਖੋਲਣ ਸਬੰਧੀ ਜਾਰੀ ਕੀਤੇ ਲੋੜੀਂਦੇ ਦਿਸ਼ਾ-ਨਿਰਦੇਸ਼
ਨਿਊਜ਼ ਪੰਜਾਬ
ਚੰਡੀਗੜ, 15 ਅਕਤੂਬਰ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 19 ਅਕਤੂਬਰ ਤੋਂ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਕੂਲ ਖੋਲਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਸਕੂਲ ਮੁੜ ਖੋਲਣ ਸਬੰਧੀ ਗ੍ਰਹਿ ਵਿਭਾਗ ਤੋਂ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ, ਸਕੂਲ ਸਿੱਖਿਆ ਵਿਭਾਗ ਨੇ ਵੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰਜ਼ (ਐਸ.ਓ.ਪੀਜ਼.) ਜਾਰੀ ਕੀਤਾ ਹੈ। ਉਨਾਂ ਕਿਹਾ ਕਿ ਸਕੂਲ ਖੋਲਣ ਮੌਕੇ ਕੋਵਿਡ-19 ਮਹਾਂਮਾਰੀ ਸਬੰਧੀ ਸਾਵਧਾਨੀਆਂ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਲਈ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਅਥਾਰਟੀਆਂ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲਣ ਤੋਂ ਬਾਅਦ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਨਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੋਵੇਗੀ ਅਤੇ ਸਕੂਲਾਂ ਵਿੱਚ ਐਸ.ਓ.ਪੀਜ਼. ਲਾਗੂ ਕਰਵਉਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਕਾਇਮ ਕੀਤੀਆਂ ਜਾਣਗੀਆਂ। ਉਨਾਂ ਅੱਗੇ ਕਿਹਾ ਕਿ ਭਾਵੇਂ ਸਕੂਲਾਂ ਨੂੰ ਮੁੜ ਖੋਲਿਆ ਜਾ ਰਿਹਾ ਹੈ ਪਰ ਆਨਲਾਈਨ ਸਿੱਖਿਆ ਹੀ ਅਧਿਆਪਨ ਦਾ ਤਰਜੀਹੀ ਤਰੀਕਾ ਰਹੇਗੀ ਅਤੇ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਨਹੀਂ ਹੋਵੇਗੀ। ਉਨਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਆਨਲਾਈਨ ਕਲਾਸਾਂ ਲੈ ਰਹੇ ਹਨ ਅਤੇ ਜੇ ਕੁੱਝ ਵਿਦਿਆਰਥੀ ਨਿੱਜੀ ਤੌਰ ਉਤੇ ਹਾਜ਼ਰ ਹੋਣ ਦੀ ਥਾਂ ਆਨਲਾਈਨ ਕਲਾਸਾਂ ਲਾਉਣ ਨੂੰ ਹੀ ਤਰਜੀਹ ਦਿੰਦੇ ਹਨ ਤਾਂ ਉਹ ਅਜਿਹਾ ਕਰ ਸਕਣਗੇ। ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਮਗਰੋਂ ਹੀ ਸਕੂਲਾਂ ਵਿੱਚ ਜਾ ਕੇ ਕਲਾਸਾਂ ਲਾ ਸਕਣਗੇ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਮਾਪਿਆਂ ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਉਨਾਂ ਦਾ ਬੱਚਾ ਮਾਸਕ ਪਾ ਕੇ ਹੀ ਸਕੂਲ ਜਾਵੇ ਅਤੇ ਉਹ ਦੂਜਿਆਂ ਨਾਲ ਮਾਸਕ ਦੀ ਅਦਲਾ-ਬਦਲੀ ਨਾ ਕਰੇ। ਉਨਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਜਨਤਕ ਥਾਵਾਂ ਉਤੇ ਘੱਟ ਤੋਂ ਘੱਟ ਗੱਲਬਾਤ ਦੇ ਨਾਲ-ਨਾਲ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ ਲਈ ਵੀ ਉਤਸ਼ਾਹਤ ਕਰਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਦਿਨ ਵਿੱਚ ਸਕੂਲ ਤਿੰਨ ਘੰਟੇ ਲਈ ਖੁੱਲਣਗੇ ਅਤੇ ਸਿਰਫ਼ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਵਿੱਚ ਸੱਦਿਆ ਜਾਵੇਗਾ। ਹੋਰ ਕਿਸੇ ਵੀ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਨਹੀਂ ਬੁਲਾਇਆ ਜਾਵੇਗਾ। ਉਨਾਂ ਕਿਹਾ ਕਿ ਜੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਸਮਾਜਿਕ ਦੂਰੀ ਦਾ ਮਾਪਦੰਡ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਤਾਂ ਉਸ ਮਾਮਲੇ ਵਿੱਚ ਸਕੂਲ ਮੁਖੀ/ਮੈਨੇਜਮੈਂਟ ਆਪਣੇ ਪੱਧਰ ਉਤੇ ਦੋ ਸ਼ਿਫ਼ਟਾਂ ਵਿੱਚ ਕਲਾਸਾਂ ਲੈਣ ਜਾਂ ਬਦਲਵੇਂ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਬੁਲਾਉਣ ਬਾਰੇ ਆਪਣੇ ਪੱਧਰ ਉਤੇ ਫੈਸਲਾ ਲੈ ਸਕਦੇ ਹਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ਨਾਲ ਸਬੰਧਤ ਵਿਦਿਆਰਥੀਆਂ ਤੇ ਸਟਾਫ਼ ਨੂੰ ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਵਿੱਚ ਆਉਣ ਦੀ ਕੋਈ ਲੋੜ ਨਹੀਂ। ਉਨਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਮੁਤਾਬਕ ਬਜ਼ੁਰਗ, ਗਰਭਵਤੀ ਤੇ ਹੋਰ ਮੁਲਾਜ਼ਮਾਂ, ਜਿਨਾਂ ਨੂੰ ਮੈਡੀਕਲ ਹਾਲਤ ਕਾਰਨ ਵਾਧੂ ਇਹਤਿਆਤ ਰੱਖਣ ਦੀ ਲੋੜ ਹੈ, ਨੂੰ ਸਲਾਹ ਹੈ ਕਿ ਉਹ ਵਿਦਿਆਰਥੀਆਂ ਨਾਲ ਸਿੱਧੇ ਸੰਪਰਕ ਦੀ ਲੋੜ ਵਾਲੇ ਕੰਮ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ। ਉਨਾਂ ਕਿਹਾ ਕਿ ਅਧਿਕਾਰੀ ਇਹ ਗੱਲ ਵੀ ਯਕੀਨੀ ਬਣਾਉਣ ਕਿ ਸਕੂਲਾਂ ਵਿੱਚ ਪੈਰਾਂ ਨਾਲ ਚੱਲਣ ਵਾਲੀਆਂ ਹੱਥ ਧੋਣ ਵਾਲੀਆਂ ਮਸ਼ੀਨਾਂ ਅਤੇ ਸੰਪਰਕ ਰਹਿਤ ਥਰਮੋਮੀਟਰ, ਸਾਬਣ ਵਗੈਰਾ ਉਪਲਬਧ ਹੋਣ। ਉਨਾਂ ਕਿਹਾ ਕਿ ਅਧਿਕਾਰੀ ਸਕੂਲੀ ਬੱਸਾਂ ਤੇ ਵੈਨਾਂ ਨੂੰ ਚਲਾਉਣ ਤੋਂ ਪਹਿਲਾਂ ਉਨਾਂ ਦੀ ਸੈਨੇਟਾਈਜੇਸ਼ਨ ਅਤੇ ਇਨਾਂ ਵਿੱਚ ਵਿਦਿਆਰਥੀਆਂ ਵਿਚਾਲੇ ਸਮਾਜਿਕ ਦੂਰੀ ਯਕੀਨੀ ਬਣਾਉਣਗੇ।
ਸਿੱਖਿਆ ਮੰਤਰੀ ਨੇ ਕਿ ਜਮਾਤਾਂ ਵਿੱਚ ਵਿਦਿਆਰਥੀਆਂ ਦੀਆਂ ਸੀਟਾਂ ਵਿਚਾਲੇ 6 ਫੁੱਟ ਦੀ ਦੂਰੀ ਉਤੇ ਨਿਸ਼ਾਨ ਬਣਾਏ ਜਾਣ ਅਤੇ ਇਸੇ ਤਰਾਂ ਸਟਾਫ਼ ਰੂਮ, ਦਫ਼ਤਰ, ਹੋਸਟਲਾਂ ਅਤੇ ਹੋਰ ਥਾਵਾਂ ਉਤੇ ਵੀ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ। ਉਨਾਂ ਕਿਹਾ ਕਿ ਸਕੂਲ ਮੈਨੇਜਮੈਂਟ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ਬਰਕਰਾਰ ਰੱਖਣ ਦੀ ਯਾਦ ਦਿਵਾਉਣ ਵਾਲੇ ਪੋਸਟਰ/ਸੰਦੇਸ਼/ਸਟਿੱਕਰ ਅਤੇ ਸੰਕੇਤ ਲਾਉਣੇ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਸਕੂਲਾਂ ਵਿੱਚ ਅਜਿਹੀਆਂ ਕੋਈ ਗਤੀਵਿਧੀਆਂ ਨਾ ਕਰਵਾਈਆਂ ਜਾਣ, ਜਿਨਾਂ ਵਿੱਚ ਸਮਾਜਿਕ ਦੂਰੀ ਦਾ ਸੰਕਲਪ ਨਹੀਂ ਅਪਣਾਇਆ ਜਾ ਸਕਦਾ। ਸਕੂਲਾਂ ਵਿੱਚ ਪ੍ਰਾਰਥਨਾ ਸਭਾ ਵੀ ਜਮਾਤਾਂ ਜਾਂ ਖੁੱਲੀਆਂ ਥਾਵਾਂ ਜਾਂ ਜਿੱਥੇ ਜਗਾਂ ਉਪਲਬਧ ਹੈ ਅਤੇ ਹਾਲਾਂ ਵਿੱਚ ਹੀ ਅਧਿਆਪਕਾਂ ਦੀ ਹਾਜ਼ਰੀ ਵਿੱਚ ਕਰਵਾਈਆਂ ਜਾਣ।
——-