ਕੋਰੋਨਾ : ਲੋੜਵੰਦ ਦੇਸ਼ਾਂ ਲਈ ਵਰਲਡ ਬੈਂਕ ਨੇ ਦਿੱਤੇ 88 ਹਜ਼ਾਰ ਕਰੋੜ ਰੁਪਏ
ਵਾਸ਼ਿੰਗਟਨ, 14 ਅਕਤੂਬਰ (ਨਿਊਜ਼ ਪੰਜਾਬ) : ਦੁਨੀਆ ਇਸ ਸਮੇਂ ਕੋਰੋਨਾ ਤੋਂ ਬਚਣ ਲਈ ਵੈਕਸੀਨ ਬਣਾਉਣ ਵਿਚ ਲੱਗੀ ਹੋਈ ਹੈ। ਹੁਣ ਇਸ ਵੈਕਸੀਨ ਨੂੰ ਬਣਾਉਣ ਦੇ ਲਈ ਵਿਸ਼ਵ ਬੈਂਕ ਨੇ ਆਰਥਿਕ ਮਦਦ ਪ੍ਰਦਾਨ ਕੀਤੀ ਹੈ। ਬੈਂਕ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਸਹਾਇਤਾ ਦਿੱਤੀ ਹੈ ਤਾਕਿ ਉਹ ਵੈਕਸੀਨ ਪਾ ਸਕਣ ਅਤੇ ਇਸ ਭਿਆਨਕ ਵਾਇਰਸ ਦਾ ਇਲਾਜ ਕਰਵਾ ਸਕਣ। ਸੰਗਠਨ ਵਲੋਂ ਜਾਰੀ ਬਿਆਨ ਮੁਤਾਬਕ ਵਿਸ਼ਵ ਬੈਂਕ ਨੇ 12 ਬਿਲੀਅਨ ਡਾਲਰ ਦੀ ਮਨਜ਼ੂਰੀ ਦਿੱਤੀ ਹੈ।
ਵਰਡਲ ਬੈਂਕ ਕੋਰੋਨਾ ਨਾਲ ਨਿਪਟਣ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਦੇ ਲਈ ਸਾਹਮਣੇ ਆਇਆ ਹੈ। ਇਹ ਰਕਮ ਵੈਕਸੀਨ ਖਰੀਦਣ, ਤਿਆਰ ਕਰਨ ਅਤੇ ਕੋਰੋਨਾ ਪੀੜਤਾਂ ਦੇ ਇਲਾਜ ਦੇ ਲਈ ਇਸਤੇਮਾਲ ਕਰਨ ਦੇ ਲਈ ਪ੍ਰਦਾਨ ਕੀਤੀ ਗਈ ਹੈ। ਵਰਲਡ ਬੈਂਕ ਦੇ ਐਗਜ਼ੀਕਿਊਟਿਵ ਡਾਇਰੈਕਟਰਸ ਦੀ ਬੋਰਡ ਮੀਟਿੰਗ ਵਿਚ ਮੰਗਲਵਾਰ ਨੂੰ ਇਸ ਬਾਰੇ ਫ਼ੈਸਲਾ ਲਿਆ ਗਿਆ। ਬੈਂਕ ਨੇ 100 ਕਰੋੜ ਲੋਕਾਂ ਨੂੰ ਟੀਕਾ ਲਾਉਣ ਦੀ ਮੁਹਿੰਮ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵਰਲਡ ਬੈਂਕ ਦੇ ਮੁਖੀ ਡੇਵਿਡ ਮਲਪਾਸ ਨੇ ਦੱਸਿਆ ਕਿ ਇਹ ਫਾਇਨੈਂਸ਼ਿਅਲ ਪ੍ਰੋਗਰਾਮ ਦੁਨੀਆ ਦੇ ਜ਼ਰੂਰਮੰਦ ਦੇਸ਼ਾਂ ਦੀ ਮਦਦ ਕਰਨ ਦੇ ਲਈ ਸ਼ੁਰੁ ਕੀਤਾ ਗਿਆ ਹੈ। ਇਹ ਰਕਮ ਉਨ੍ਹਾਂ ਦੇਸ਼ਾਂ ਦੇ ਲਈ ਹੋਵੇਗੀ, ਜਿਨ੍ਹਾਂ ਦੇ ਕੋਲ ਕੋਰੋਨਾ ਤੋਂ ਬਚਾਅ ਦੇ ਲਈ ਘੱਟ ਸਹੂਲਤਾਂ ਹਨ। ਇਹ ਕਦਮ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦਗਾਰ ਹੋਵੇਗਾ। ਗ਼ਰੀਬ ਦੇਸ਼ਾਂ ਨੂੰ ਮੈਡੀਕਲ ਯੰਤਰ ਖਰੀਦਣ ਅਤੇ ਹੈਲਥ ਸਰਵਿਸਿਜ਼ ਸੁਧਾਰਨ ਵਿਚ ਮਦਦ ਦੇ ਮਕਸਦ ਨਾਲ ਇਹ ਮਦਦ ਕੀਤੀ ਗਈ ਹੈ। ਉਨ੍ਹਾਂ ਮਾਹਰਾਂ ਦੀ ਸਲਾਹ ਮੁਹੱਈਆ ਕਰਾਈ ਜਾਵੇਗੀ ਅਤੇ ਪਾਲਿਸੀ ਤਿਆਰ ਕਰਨ ਵਿਚ ਵੀ ਮਦਦ ਕੀਤੀ ਜਾਵੇਗੀ। ਵਰਲਡ ਬੈਂਕ ਦੇ ਮੁਖੀ ਡੇਵਿਡ ਮਲਪਾਸ ਨੇ ਕਿਹਾ ਕਿ ਕੋਰੋਨਾ ਨਾਲ ਨਿਪਟਣ ਦੇ ਲਈ ਸਾਰੇ ਦੇਸ਼ਾਂ ਤੱਕ ਕਿਫਾਇਤੀ ਅਤੇ ਅਸਰਕਾਰੀ ਵੈਕਸੀਨ ਪਹੁੰਚਾਉਣਾ ਜਰੂਰੀ ਹੈ। ਇਸ ਮਹਾਮਾਰੀ ਕਾਰਨ ਦੁਨੀਆ ਦੇ ਕਈ ਦੇਸ਼ਾਂ ਦੀ ਅਰਥ ਵਿਵਸਥਾ ਪ੍ਰਭਾਵਤ ਹੋਈ ਹੈ। ਮਲਪਾਸ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਅਜੇ ਤੱਕ ਵੈਕਸੀਨ ਤਿਆਰ ਨਹੀਂ ਹੋਈ ਹੈ ਪਰ ਇਸ ਨੂੰ ਵੰਡਣ ਲਈ ਸਾਰੇ ਦੇਸ਼ਾਂ ਵਿਚ ਸਹੀ ਤਿਆਰੀ ਸ਼ੁਰੂ ਕਰਨੀ ਹੋਵੇਗੀ।