ਕਿਸਾਨ ਯੂਨੀਅਨ ਨੇ ਪਾਤੜਾਂ-ਚੰਡੀਗੜ੍ਹ ਰੋਡ ਨੂੰ ਅਣਮਿਥੇ ਸਮੇਂ ਲਈ ਕੀਤਾ ਜਾਮ
ਪਾਤੜਾਂ, 13 ਅਕਤੂਬਰ (ਨਿਊਜ਼ ਪੰਜਾਬ)- ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਾਤੜਾਂ ਸ਼ਹਿਰ ‘ਚ ਖਾਦ ਦੇ ਕੁਝ ਵਿਕ੍ਰੇਤਾਵਾਂ ‘ਤੇ ਖਾਦ ਨੂੰ ਵੱਧ ਭਾਅ ‘ਤੇ ਵੇਚਣ ਅਤੇ ਘੱਗਾ ਦੀ ਅਨਾਜ ਮੰਡੀ ‘ਚ ਕੁੱਝ ਵਪਾਰੀਆਂ ਵਲੋਂ ਉੱਤਰ ਪ੍ਰਦੇਸ਼ ਤੋਂ ਸਸਤੀ ਜੀਰੀ ਲਿਆ ਕੇ ਸਰਕਾਰੀ ਭਾਅ ‘ਤੇ ਵੇਚਣ ਦੇ ਦੋਸ਼ ਲਾਏ ਜਾ ਰਹੇ ਹਨ ।ਪ੍ਰਸ਼ਾਸਨ ‘ਤੇ ਇਨ੍ਹਾਂ ਖ਼ਿਲਾਫ਼ ਕਾਰਵਾਈ ਨਾ ਕਰਨ ‘ਤੇ ਕਿਸਾਨਾਂ ਨੇ ਪਾਤੜਾਂ-ਚੰਡੀਗੜ੍ਹ ਮਾਰਗ ‘ਤੇ ਧਰਨਾ ਲਾ ਕੇ ਆਵਾਜਾਈ ਨੂੰ ਬੰਦ ਕਰ ਦਿੱਤਾ, ਜਿਸ ਨਾਲ ਸੜਕ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਖਿਆਲ ਅਤੇ ਰਘਵੀਰ ਸਿੰਘ ਦੀ ਅਗਵਾਈ ‘ਚ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਜਮ੍ਹਾਂ ਖੋਰਾਂ ਖ਼ਿਲਾਫ਼ ਕਾਰਵਾਈ ਨਹੀ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ।