ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਇਸ ਵੇਲੇ ਮਾਸਕ ਹੀ ਸਾਡਾ ਵੈਕਸੀਨ-ਅਲਕਾ ਮੀਨਾ

ਜ਼ਿਲਾ ਪੁਲਿਸ ਮੁਖੀ ਵੱਲੋਂ ‘ਮਿਸ਼ਨ ਫ਼ਤਿਹ’ ਨੂੰ ਹੁਲਾਰਾ ਦੇਣ ਲਈ ਸਵੈ ਸੁਰੱਖਿਆ ਸਲੋਗਨ ਮੁਹਿੰਮ ਦਾ ਆਗਾਜ਼
ਨਵਾਂਸ਼ਹਿਰ, 13 ਅਕਤੂਬਰ (ਨਿਊਜ਼ ਪੰਜਾਬ)-ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਇਸ ਵੇਲੇ ਮਾਸਕ ਹੀ ਸਾਡੇ ਲਈ ਵੈਕਸੀਨ ਹੈ। ਇਹ ਪ੍ਰਗਟਾਵਾ ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ‘ਮਿਸ਼ਨ ਫ਼ਤਿਹ’ ਨੂੰ ਹੁਲਾਰਾ ਦੇਣ ਲਈ ਜ਼ਿਲੇ ਵਿਚ ‘ਸਵੈ ਸੁਰੱਖਿਆ ਸਲੋਗਨ’  (ਸੈਲਫ ਸੇਫਟੀ ਸਲੋਗਨ) ਮੁਹਿੰਮ ਦਾ ਆਗਾਜ਼ ਕਰਦਿਆਂ ਕੀਤਾ। ਮਾਨਵਤਾ ਦੀ ਸੇਵਾ ਲਈ ਤੱਤਪਰ ‘ਸੇਵਾ ਸੰਕਲਪ ਸੁਸਾਇਟੀ’ ਵੱਲੋਂ ‘ਮਾਸਕ ਪਾ ਕੇ ਰੱਖੋ ਜੀ, ਮਹਾਂਮਾਰੀ ਤੋਂ ਬਚੋ ਜੀ’ ਦੇ ਮਾਟੋ ਤਹਿਤ ਆਰੰਭੀ ਗਈ ਇਸ ਮੁਹਿੰਮ ਦਾ ਮੁੱਖ ਮਕਸਦ ਕੋਵਿਡ ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਦੀ ਅਹਿਮੀਅਤ ਅਤੇ ਵਰਤੀਆਂ ਜਾਣ ਵਾਲੀਆਂ ਹੋਰਨਾਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨਾ ਹੈ। ਸੁਸਾਇਟੀ ਦੇ ਉੱਪ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਸਮੇਤ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਭਾਵੇਂ ਲਾਕਡਾਊਨ ਖੁੱਲ ਗਿਆ ਹੈ, ਪਰੰਤੂ ਖ਼ਤਰਾ ਅਜੇ ਬਰਕਰਾਰ ਹੈ, ਇਸ ਲਈ ਸਾਨੂੰ ਇਸ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਉਨਾਂ ਇਸ ਮਹਾਮਾਰੀ ਦੌਰਾਨ ‘ਸੇਵਾ ਸੰਕਲਪ ਸੁਸਾਇਟੀ’ ਵੱਲੋਂ ਵਿੱਢੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਜ਼ਿਲੇ ਵਿਚ ਸਫ਼ਲਤਾ ਪੂਰਵਕ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ। ਉਨਾਂ ਸੁਸਾਇਟੀ ਵੱਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਹੋਰਨਾਂ ਕਾਰਜਾਂ ਦੀ ਵੀ ਭਰਪੂਰ ਪ੍ਰਸੰਸਾ ਕੀਤੀ। ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਪਹਿਲਾ ਕੋਵਿਡ ਕੇਸ ਸਾਹਮਣੇ ਆਉਣ ਕਾਰਨ ਚਰਚਾ ਵਿਚ ਰਹੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਿਸ ਤਰਾਂ ਨਾਲ ਇਸ ਬਿਮਾਰੀ ’ਤੇ ਕੰਟਰੋਲ ਕੀਤਾ ਹੈ, ਉਹ ਇਕ ਮਿਸਾਲ ਹੈ। ਉਨਾਂ ਕਿਹਾ ਕਿ ਜ਼ਿਲੇ ਦਾ ਸਮੁੱਚਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਦਿਨ-ਰਾਤ ਕੀਤੀਆਂ ਆਪਣੀਆਂ ਅਣਥੱਕ ਕੋਸ਼ਿਸ਼ਾਂ ਲਈ ਵਧਾਈ ਦਾ ਹੱਕਦਾਰ ਹੈ, ਜਿਸ ਸਦਕਾ ਜ਼ਿਲਾ ਕੋਵਿਡ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਵਿਚ ਮੋਹਰੀ ਹੋ ਨਿੱਬੜਿਆ ਹੈ। ਉਨਾਂ ਸਭਨਾਂ ਨੂੰ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਸਾਵਧਾਨੀਆਂ ਵਰਤਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਨੂੰ ਜਲਦ ਹੀ ਕੋਰੋਨਾ ਮੁਕਤ ਕੀਤਾ ਜਾ ਸਕੇ। ਇਸ ਮੌਕੇ ਐਡਵੋਕੇਟ ਸੰਧੂ ਨੇ ਸੇਵਾ ਸੰਕਲਪ ਸੁਸਾਇਟੀ ਵੱਲੋਂ ਪੁਲਿਸ ਜਵਾਨਾਂ ਲਈ ਮਾਸਕ ਅਤੇ ਸੈਨੀਟਾਈਜ਼ੇਸ਼ਨ ਸਮੱਗਰੀ ਵੀ ਜ਼ਿਲਾ ਪੁਲਿਸ ਮੁਖੀ ਨੂੰ ਸੌਂਪੀ। ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਕੋਵਿਡ ਕਾਲ ਦੌਰਾਨ ਪਿਛਲੇ 100 ਦਿਨਾਂ ਵਿਚ ਇਸ ਮੁਹਿੰਮ ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਇਕ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ। ਇਸ ਮੌਕੇ ਐਸ. ਪੀ ਮਨਵਿੰਦਰ ਬੀਰ ਸਿੰਘ, ਡੀ. ਐਸ. ਪੀ ਨਵਨੀਤ ਕੌਰ ਗਿੱਲ, ਡੀ. ਐਸ. ਪੀ ਰਾਜ ਕੁਮਾਰ ਤੋਂ ਇਲਾਵਾ ਪੁਲਿਸ ਜਵਾਨ ਹਾਜ਼ਰ ਸਨ।