ਕੌਮਾਂਤਰੀ ਬਾਲੜੀ ਦਿਵਸ ਮੌਕੇ ਜ਼ਿਲੇ ਦੀਆਂ ਹੋਣਹਾਰ ਬੱਚੀਆਂ ਸਬੰਧੀ ਦਸਤਾਵੇਜ਼ੀ ਫ਼ਿਲਮ ਰਿਲੀਜ਼

– ਆਨਲਾਈਨ ਡਰਾਇੰਗ ਮੁਕਾਬਲੇ ਦੀਆਂ ਜੇਤੂ ਬੱਚੀਆਂ ਦਾ ਹੋਇਆ ਸਨਮਾਨ
ਨਵਾਂਸ਼ਹਿਰ, 12 ਅਕਤੂਬਰ (ਨਿਊਜ਼ ਪੰਜਾਬ)-ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰ ਸਾਲ ਦੀ ਤਰਾਂ ਅੱਜ ਵੀ ਕੌਮਾਂਤਰੀ ਬਾਲੜੀ ਦਿਵਸ ਮਨਾਉਣ ਸਬੰਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਸਮਾਗਮ ਦੌਰਾਨ ਵਧੀਕ ਡਿਪਟ ਕਮਿਸ਼ਨਰ (ਜ) ਅਦਿੱਤਿਆ ਉੱਪਲ ਵੱਲੋਂ ਜ਼ਿਲੇ ਦੀਆਂ ਹੋਣਹਾਰ ਲੜਕੀਆਂ ਤੇ ਬਣਾਈ ਦਸਤਾਵੇਜ਼ੀ ਫ਼ਿਲਮ ਰਿਲੀਜ਼ ਕੀਤੀ ਗਈ। ਇਸ ਮੌਕੇ ਉਨਾਂ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਅਧੀਨ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਇਹ ਫ਼ਿਲਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਉਨਾਂ ਹੋਣਹਾਰ ਲੜਕੀਆਂ ’ਤੇ ਬਣਾਈ ਗਈ ਹੈ, ਜਿਨਾਂ ਨੇ ਵੱਖ-ਵੱਖ ਖੇਤਰਾਂ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਇਹ ਫ਼ਿਲਮ ਬਣਾਉਣ ਦਾ ਮੁੱਖ ਮਕਸਦ ਇਹੀ ਹੈ ਕਿ ਇਸ ਨੂੰ ਜ਼ਿਲੇ ਦੀਆਂ ਹੋਰਨਾਂ ਲੜਕੀਆਂ ਦੇਖ ਕੇ ਪ੍ਰੇਰਿਤ ਹੋ ਸਕਣ ਅਤੇ ਉਹ ਵੀ ਆਪਣੀ ਜ਼ਿੰਦਗੀ ਵਿਚ ਕੁਝ ਕਰ ਦਿਖਾਉਣ ਦੀ ਇੱਛਾ ਸ਼ਕਤੀ ਨਾਲ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਨ। ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੀਆਂ ਹਰੇਕ ਖੇਤਰ ਵਿਚ ਅੱਗੇ ਆ ਰਹੀਆਂ ਹਨ, ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਲੜਕੀਆਂ ਨੂੰ ਜਨਮ ਦਾ ਅਧਿਕਾਰ ਦਿੰਦੇ ਹੋਏ ਉਨਾਂ ਨੂੰ ਚੰਗੀ ਵਿੱਦਿਆ ਅਤੇ ਚੰਗੀ ਖ਼ੁਰਾਕ ਦੇ ਕੇ ਖ਼ੁਦ ਦੇ ਪੈਰਾਂ ’ਤੇ ਖੜੇ ਹੋਣ ਦੇ ਕਾਬਲ ਬਣਾਈਏ। ਉਨਾਂ ਇਹ ਵੀ ਦੱਸਿਆ ਕਿ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਜਿਥੇ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਲੜਕੀਆਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਤਰਾਂ ਦਾ ਚੰਗਾ ਵਾਤਾਵਰਨ ਮੁਹੱਈਆ ਕਰਵਾਉਣ ਸਬੰਧੀ ਵੀ ਕੋਸ਼ਿਸ਼ਾਂ ਜਾਰੀ ਹਨ। ਉਨਾਂ ਕਿਹਾ ਕਿ ਕੌਮਾਂਤਰੀ ਬਾਲੜੀ ਦਿਵਸ ਮਨਾਉਣ ਦਾ ਮਕਸਦ ਲੜਕੀਆਂ ਨੂੰ ਵੱਧ ਤੋਂ ਵੱਧ ਉਨਾਂ ਦੇ ਹੱਕਾਂ ਲਈ ਪ੍ਰੇਰਿਤ ਕਰਨਾ ਹੈ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਲੜਕੀਆਂ ਦੇ ਰੋਸ਼ਨ ਭਵਿੱਖ ਲਈ ਸਕੀਮਾਂ ਦਾ ਲਾਭ ਹਰੇਕ ਯੋਗ ਲੜਕੀ ਨੂੰ ਦੇਣਾ ਹੈ। ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਨੇ ਇਸ ਮੌਕੇ ਦੱਸਿਆ ਕਿ ਅੱਜ ਦਾ ਦਿਨ ਕੌਮਾਂਤਰੀ ਬਾਲੜੀ ਦਿਵਸ ਦੇ ਤੌਰ ’ਤੇ ਹਰੇਕ ਜ਼ਿਲੇ ਅੰਦਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਸਮਾਗਮ ਕੋਵਿਡ ਮਹਾਮਾਰੀ ਸਬੰਧੀ ਦਿਸ਼ਾ-ਨਿਰਦੇਸ਼ਾਂ ਤਹਿਤ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਹਰੇਕ ਬਲਾਕ ਪੱਧਰ ’ਤੇ ਸੀ. ਡੀ. ਪੀ. ਓ ਸਾਹਿਬਾਨ ਨਾਲ ਮਿਲ ਕੇ ਕਰਵਾਏ ਜਾ ਰਹੇ ਹਨ, ਤਾਂ ਜੋ ਬੱਚੀਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਤੱਕ ਵਿਭਾਗ ਵੱਲੋਂ ਲਗਾਤਾਰ ਚੇਤਨਾ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਹਾਜ਼ਰ ਹੋਰਨਾਂ ਅਧਿਕਾਰੀਆਂ ਵੱਲੋਂ ਵੀ ਬਾਲੜੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥਣਾਂ ਦੇ ਕਰਵਾਏ ਗਏ ਆਨਲਾਈਨ ਡਰਾਇੰਗ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਜ਼ਿਲਾ ਸਿੱਖਿਆ ਅਫ਼ਸਰ (ਸ) ਸੁਸ਼ੀਲ ਕੁਮਾਰ ਤੁਲੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਸੀ. ਡੀ. ਪੀ. ਓ ਜਸਵੰਤ ਕੌਰ ਤੇ ਜਸਵਿੰਦਰ ਕੌਰ, ਸੈਂਟਰ ਐਡਮਨਿਸਟ੍ਰੇਟਰ ਮਨਜੀਤ ਕੌਰ ਤੋਂ ਇਲਾਵਾ ਜ਼ਿਲਾ ਬਾਲ ਸੁਰੱਖਿਆ ਯੂਨਿਟ ਦਾ ਸਟਾਫ ਹਾਜ਼ਰ ਸੀ।