ਫ਼ਾਜ਼ਿਲਕਾ ਤੋਂ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਨੇ ਸੁਣਵਾਈ ਨਾ ਹੋਣ ਨੂੰ ਲੈ ਡੀ. ਸੀ. ਦਫ਼ਤਰ ਮੂਹਰੇ ਲਾਇਆ ਧਰਨਾ
ਫ਼ਾਜ਼ਿਲਕਾ, 12 ਅਕਤੂਬਰ (ਨਿਊਜ਼ ਪੰਜਾਬ)- ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ‘ਚ ਲਿਫ਼ਟਿੰਗ ਦੇ ਠੇਕੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਸੁਣਵਾਈ ਨਾ ਹੋਣ ਨੂੰ ਲੈ ਕੇ ਆਪਣੀ ਹੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ‘ਚ ਫ਼ਿਰੋਜ਼ਪੁਰ ਲੋਕ ਸਭਾ ਦੇ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੀ ਸ਼ਾਮਿਲ ਹੋਏ ਅਤੇ ਧਰਨੇ ‘ਤੇ ਬੈਠੇ। ਇਸ ਮੌਕੇ ਵਿਧਾਇਕ ਦਵਿੰਦਰ ਸਿੰਘ ਸਿੰਘ ਘੁਬਾਇਆ ਅਤੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਫ਼ਾਜ਼ਿਲਕਾ ਦੀ ਅਨਾਜ ਮੰਡੀ ਦੇ ਲਿਫ਼ਟਿੰਗ ਦਾ ਠੇਕਾ ਰੱਦ ਕੀਤਾ ਜਾਵੇ ਅਤੇ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਪਿਛਲੇ ਇਕ ਹਫ਼ਤੇ ਤੋਂ ਮੰਡੀ ‘ਚ ਲਿਫ਼ਟਿੰਗ ਰੁਕੀ ਹੋਈ ਹੈ, ਜਿਸ ਨਾਲ ਆੜ੍ਹਤੀਏ ਅਤੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਬੰਧੀ ਦੱਸਿਆ ਗਿਆ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ, ਜਿਸ ਨੂੰ ਲੈ ਉਨ੍ਹਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੜੇ ਘੱਟ ਰੇਟਾਂ ‘ਤੇ ਠੇਕੇਦਾਰ ਵਲੋਂ ਟੈਂਡਰ ਚੁੱਕਿਆ ਗਿਆ ਹੈ, ਜਿਸ ਨੂੰ ਰੱਦ ਕਰਕੇ ਕਿਸੇ ਹੋਰ ਨੂੰ ਲਿਫ਼ਟਿੰਗ ਦਾ ਟੈਂਡਰ ਕੀਤਾ ਜਾਵੇ, ਕਿਉਂਕਿ ਠੇਕੇਦਾਰ ਬਾਹਰਲੇ ਟਰੱਕਾਂ ਨੂੰ ਲਿਆ ਕੇ ਲਿਫ਼ਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।