ਚੀਨ ਨਾਲ ਤਣਾਅ ਵਿਚਾਲੇ ਲਦਾਖ਼ ਸਣੇ ਸੱਤ ਸੂਬਿਆਂ ‘ਚ ਰੱਖਿਆ ਮੰਤਰੀ ਨੇ ਕੀਤਾ 44 ਪੁਲਾਂ ਦਾ ਉਦਘਾਟਨ
ਨਵੀਂ ਦਿੱਲੀ, 12 ਅਕਤੂਬਰ (ਨਿਊਜ਼ ਪੰਜਾਬ)- ਭਾਰਤ-ਚੀਨ ਸਰਹੱਦ ‘ਤੇ ਤਣਾਅ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ. ਆਰ. ਓ.) ਵਲੋਂ ਬਣਾਏ ਗਏ 44 ਪੁਲਾਂ ਦਾ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਦਘਾਟਨ ਕੀਤਾ। ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੀ ਦਿਸ਼ਾ ‘ਚ ਇਹ ਕਾਫ਼ੀ ਅਹਿਮ ਹੈ। ਰੱਖਿਆ ਮੰਤਰਾਲੇ ਮੁਤਾਬਕ ਬੀ. ਆਰ. ਓ. ਵਲੋਂ 286 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਨ੍ਹਾਂ ਪੁਲਾਂ ‘ਚੋਂ 10 ਜੰਮੂ-ਕਸ਼ਮੀਰ, 7 ਲਦਾਖ਼, 2 ਹਿਮਾਚਲ ਪ੍ਰਦੇਸ਼, 4 ਪੰਜਾਬ, 8 ਉਤਰਾਖੰਡ, 8 ਅਰੁਣਾਚਲ ਪ੍ਰਦੇਸ਼ ਅਤੇ 4 ਸਿੱਕਮ ‘ਚ ਹਨ। ਇਨ੍ਹਾਂ ਤੋਂ ਇਲਾਵਾ ਰੱਖਿਆ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਲਈ ਨੇਚਿਪੁ ਸੁਰੰਗ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ”ਪਹਿਲਾਂ ਪਾਕਿਸਤਾਨ ਅਤੇ ਹੁਣ ਚੀਨ, ਅਜਿਹਾ ਲੱਗਦਾ ਹੈ ਕਿ ਸਰਹੱਦ ਵਿਵਾਦ ਨੂੰ ਇੱਕ ਮਿਸ਼ਨ ਦੇ ਹਿੱਸੇ ਦੇ ਰੂਪ ‘ਚ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਦੇਸ਼ ਨਾ ਸਿਰਫ਼ ਦ੍ਰਿੜ੍ਹ ਸੰਕਲਪ ਨਾਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਬਲਕਿ ਕਈ ਖੇਤਰਾਂ ‘ਚ ਵੱਡੇ ਤੇ ਇਤਿਹਾਸਕ ਬਦਲਾਅ ਵੀ ਲਿਆ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਸਾਡੇ ਪੱਛਮੀ, ਉੱਤਰੀ ਅਤੇ ਉੱਤਰ-ਪੂਰਬੀ ਇਲਾਕਿਆਂ ‘ਚ ਫ਼ੌਜੀ ਤੇ ਨਾਗਰਿਕ ਆਵਾਜਾਈ ਦੀ ਸਹੂਲਤ ਮਿਲੇਗੀ।