ਵਿਧਾਇਕ ਅੰਗਦ ਸਿੰਘ ਵੱਲੋਂ ਪਿੰਡ ਸਲੋਹ ਵਿਖੇ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਨੀਂਹ ਪੱਥਰ
ਨਵਾਂਸ਼ਹਿਰ, 10 ਅਕਤੂਬਰ (ਨਿਊਜ਼ ਪੰਜਾਬ)-ਵਿਧਾਇਕ ਅੰਗਦ ਸਿੰਘ ਵੱਲੋਂ ਅੱਜ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਪਿੰਡ ਸਲੋਹ ਵਿਖੇ 18 ਲੱਖ ਦੀ ਲਾਗਤ ਵਾਲੇ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨਾਂ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਇਲਾਕਾ ਵਾਸੀਆਂ ਨੂੰ ਖੁਸ਼ੀ-ਗਮੀ ਦੇ ਸਮਾਗਮਾਂ ਲਈ ਇਕ ਸਾਂਝੀ ਥਾਂ ਮੁਹੱਈਆ ਹੋਵੇਗੀ। ਉਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਜੀਅ-ਤੋੜ ਕੋਸ਼ਿਸ਼ਾਂ ਜਾਰੀ ਹਨ ਅਤੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕਈ ਅਹਿਮ ਪ੍ਰਾਜੈਕਟ ਚਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਹਾਲ ਹੀ ਵਿਚ ਸੂਬੇ ਦੇ ਸਮੂਹ ਬਲਾਕਾਂ ਦੇ ਪੰਜ-ਪੰਜ ਪਿੰਡਾਂ ਵਿਚ ਖੇਡ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਵਰਦਾਨ ਸਿੱਧ ਹੋਣਗੇ। ਇਸੇ ਤਰਾਂ ਪਿੰਡਾਂ ਵਿਚ ਸੜਕਾਂ, ਗਲੀਆਂ ਅਤੇ ਪਾਰਕਾਂ ਦੀ ਉਸਾਰੀ, ਛੱਪੜਾਂ ਦੇ ਨਵੀਨੀਕਰਨ ਤੋਂ ਇਲਾਵਾ ਹੋਰਨਾਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੰਮ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਪਿੰਡ ਪੁੱਜਣ ’ਤੇ ਸਲੋਹ ਵਾਸੀਆਂ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਪਿੰਡ ਦੀ ਇਹ ਮੰਗ ਪੂਰੀ ਕਰਨ ’ਤੇ ਉਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੀ. ਡੀ. ਪੀ. ਓ ਰਾਜੇਸ਼ ਚੱਢਾ, ਬਿੱਟੂ ਬਜਾਜ, ਸਚਿਨ ਦੀਵਾਨ, ਪਰਦੀਪ ਕੁਮਾਰ, ਕਿਸ਼ਨ ਮੋਹਨ ਬੱਲੀ, ਕਮਲਜੀਤ ਲਾਲ, ਸਕੱਤਰ ਅਮਰੀਕ ਸਿੰਘ, ਜੱਸੀ ਸਲੋਹ, ਸਰਪੰਚ ਪਰਮਜੀਤ ਸਿੰਘ ਤੋਂ ਇਲਾਵਾ ਸਮੂਹ ਮੈਂਬਰ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।