ਬੰਗਾ ਸ਼ਹਿਰ ‘ਚ ਦਲਿਤ ਜਥੇਬੰਦੀਆਂ ਵਲੋਂ ਰੋਸ ਮਾਰਚ ਅਤੇ ਵਿਸ਼ਾਲ ਧਰਨਾ
ਬੰਗਾ, 10 ਅਕਤੂਬਰ (ਨਿਊਜ਼ ਪੰਜਾਬ)- ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਹੋਏ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਅੱਜ ਬੰਗਾ ਸ਼ਹਿਰ ‘ਚ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਹਿਰ ‘ਚ ਰੋਸ ਮਾਰਚ ਕੱਢਿਆ ਗਿਆ ਅਤੇ ਬੰਗਾ ਬੱਸ ਸਟੈਂਡ ਲਾਗੇ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਜਦੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ਬੋਲਣ ਲੱਗੇ ਤਾਂ ਕਾਂਗਰਸੀ ਆਗੂ ਸਚਿਨ ਘਈ ਵਲੋਂ ਵਿਰੋਧ ਕਰਨ ‘ਤੇ ਕਾਫੀ ਹੰਗਾਮਾ ਹੋਇਆ ਅਤੇ ਇਸ ਦੌਰਾਨ ਦੋਹਾਂ ਧਿਰਾਂ ਵਲੋਂ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਆਖਿਆ ਕਿ ਸਾਨੂੰ ਜਾਬਰ ਤਾਕਤਾਂ ਦੇ ਖ਼ਿਲਾਫ਼ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਇੱਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।