ਦਿੜ੍ਹਬਾ ਨੇੜੇ ਰਿਲਾਇੰਸ ਪੰਪ ਦਾ ਕਿਸਾਨਾਂ ਵਲੋਂ 10ਵੇਂ ਦਿਨ ਵੀ ਘਿਰਾਓ ਜਾਰੀ

ਦਿੜ੍ਹਬਾ ਮੰਡੀ (ਸੰਗਰੂਰ), 10 ਅਕਤੂਬਰ (ਨਿਊਜ਼ ਪੰਜਾਬ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਦੇ ਪ੍ਰਧਾਨ ਦਰਸਨ ਸਿੰਘ ਸਾਦੀਹਰੀ ਦੀ ਅਗਵਾਈ ‘ਚ 30 ਜਥੇਬੰਦੀਆਂ ਦੇ ਪ੍ਰੋਗਰਾਮ ਅਨੁਸਾਰ ਰਿਲਾਇੰਸ ਪੰਪ ਤੂਰਬਨਜਾਰਾ ਦਾ ਘਿਰਾਓ ਕਰਕੇ 10ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ। ਧਰਨੇ ‘ਚ ਅੱਜ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਟੀ. ਵੀ. ਰਾਹੀਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਖਾਦ ਦੀ ਘਾਟ, ਬਿਜਲੀ ਲਈ ਕੋਇਲੇ ਦੀ ਘਾਟ, ਤੇਲ ਦੀ ਘਾਟ ਅਤੇ ਹੋਰ ਜ਼ਰੂਰੀ ਵਸਤਾਂ ਦੀ ਘਾਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸਮੇਂ ਸਰਕਾਰ ਨੇ ਕਿਸੇ ਵੀ ਵਸਤੂ ਦੀ ਘਾਟ ਦੀ ਗੱਲ ਨਹੀ ਕੀਤੀ। ਸਰਕਾਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਰਣਨੀਤੀ ਤਿਆਰ ਕਰ ਰਹੀ ਹੈ। ਲੋਕ ਥੋੜੀ ਬਹੁਤੀ ਤੰਗੀ ਝੱਲ ਕੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੰਘਰਸ਼ ਜਾਰੀ ਰੱਖਣਗੇ।