ਗੁਰਦੁਵਾਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਕੱਲ ਤੋਂ ਸਰਦੀਆਂ ਦੇ ਮੌਸਮ ਕਾਰਨ ਰੋਕੇ ਜਾਣਗੇ
ਨਿਊਜ਼ ਪੰਜਾਬ 9 ਅਕਤੂਬਰ
ਗੁਰਦੁਵਾਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਸ਼ਨੀਵਾਰ 10 ਅਕਤੂਬਰ ਨੂੰ ਦੁਪਹਿਰ 1.30 ਵਜੇ ਤੋਂ ਅਰਦਾਸ ਕਰਨ ਉਪਰੰਤ ਸਰਦੀਆਂ ਦੇ ਮੌਸਮ ਲਈ ਰੋਕ ਦਿੱਤੇ ਜਾਣਗੇ।ਅੱਜ ਤੱਕ ਇਸ ਮੌਸਮ ਦੀ ਯਾਤਰਾ ਦੇ ਦੌਰਾਨ ਲਗਭਗ 6500 ਸ਼ਰਧਾਲੂ ਗੁਰੂਘਰ ਵਿਖੇ ਮੱਥਾ ਟੇਕਣ ਲਈ ਪਹੁੰਚੇ ਹਨ।ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਉਥੇ ਠੰਡੀਆਂ ਹਵਾਵਾਂ ਦੇ ਨਾਲ ਨਾਲ ਭਾਰੀ ਬਰਫ ਪੈਣ ਲੱਗ ਜਾਂਦੀ ਹੈ ਅਤੇ ਆਕਸੀਜ਼ਨ ਦਾ ਪੱਧਰ ਵੀ ਘੱਟ ਜਾਂਦਾ ਹੈ ਜਿਸ ਕਾਰਨ ਅਜਿਹੇ ਮੌਸਮ ਵਿੱਚ ਯਾਤਰਾ ਸੰਭਵ ਨਹੀਂ ਹੁੰਦੀ | ਸਰਦੀਆਂ ਦੇ ਮੌਸਮ ਦੇ ਖਤਮ ਹੁੰਦਿਆਂ ਗੁਰੂ ਘਰ ਦੇ ਦਰਸ਼ਨ – ਦੀਦਾਰੇ ਫਿਰ ਆਰੰਭ ਕਰ ਦਿੱਤੇ ਜਾਂਦੇ ਹਨ |
ਕੱਲ ਗੁਰਦੁਵਾਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕੀਰਤਨ ਸਮਾਗਮ ਦੀ ਸਮਾਪਤੀ ਉਪਰੰਤ ਲਗਭਗ 1300 ਸ਼ਰਧਾਲੂ ਅਰਦਾਸ ਵਿਚ ਸ਼ਾਮਲ ਹੋਣਗੇ। ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਅਤੇ 11 ਵਜੇ ਸ਼ਬਦ ਕੀਰਤਨ ਹੋਵੇਗਾ। ਅਰਦਾਸ ਉਪਰੰਤ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਵਿਚ ਸੱਚਖੰਡ ਵਿਖੇ ਬਿਰਾਜਮਾਨ ਕੀਤਾ ਜਾਵੇਗਾ |