ਵਿਧਾਇਕ ਅੰਗਦ ਸਿੰਘ ਨੇ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਵਿਦਿਆਰਥੀਆਂ ਨੂੰ ਤਕਸੀਮ ਕੀਤੇ ਸਮਾਰਟ ਫੋਨ

ਨਵਾਂਸ਼ਹਿਰ, 9 ਅਕਤੂਬਰ (ਨਿਊਜ਼ ਪੰਜਾਬ)-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਹਲਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਇਕ ਸਾਦੇ ਸਮਾਗਮ ਦੌਰਾਨ ਬਾਰਵੀਂ ਜਮਾਤ ਦੇ 59 ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕੀਤੇ। ਇਸ ਸਕੀਮ ਤਹਿਤ ਸਕੂਲ ਦੇ ਬਾਰਵੀਂ ਜਮਾਤ ਦੇ ਕੁੱਲ 445 ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣੇ ਹਨ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਇਹ ਫੋਨ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਹੇ ਹਨ, ਕਿਉਂਕਿ ਇਨਾਂ ਰਾਹੀਂ ਆਨਲਾਈਨ ਕਲਾਸਾਂ ਜ਼ਰੀਏ ਉਨਾਂ ਦੀ ਪੜਾਈ ਖ਼ਰਾਬ ਹੋਣੋਂ ਬਚ ਗਈ ਹੈ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਨਾਂ ਸਮਾਰਟ ਫੋਨਾਂ ਦੀ ਵਰਤੋਂ ਸਹੀ ਤਰੀਕੇ ਨਾਲ ਕਰਨੀ ਯਕੀਨੀ ਬਣਾਉਣ, ਤਾਂ ਜੋ ਉਨਾਂ ਨੂੰ ਇਨਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਨਾਂ ਫੋਨਾਂ ਵਿਚ ਵਿਦਿਆਰਥੀਆਂ ਲਈ ਲੋੜੀਂਦੇ ਸਾਰੇ ਫੀਚਰ ਅਤੇ ਐਪ ਉਪਲਬੱਧ ਹਨ। ਉਨਾਂ ਇਸ ਬੇਹੱਦ ਔਖੀ ਘੜੀ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੇ ਜਾਣ ਲਈ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਕ ਨੌਜਵਾਨ ਵਿਧਾਇਕ ਹੋਣ ਦੇ ਨਾਤੇ ਉਹ ਨੌਜਵਾਨਾਂ ਦੀ ਊਰਜਾ ਨੂੰ ਸਹੀ ਅਤੇ ਉਸਾਰੂ ਪਾਸੇ ਲਗਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸੇ ਲਈ ਉਨਾਂ ਵੱਲੋਂ ਸਿੱਖਿਆ ਅਤੇ ਖੇਡਾਂ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਚ ਬੁਨਿਆਦੀ ਸੁਵਿਧਾਵਾਂ ਦੇ ਵਿਸਥਾਰ ਲਈ 5 ਕਰੋੜ 70 ਲੱਖ ਰੁਪਏ ਦੀ ਗ੍ਰਾਂਟ ਲਿਆਂਦੀ ਗਈ ਹੈ, ਜਿਸ ਤਹਿਤ ਸਕੂਲ ਦੀ ਕਾਇਆ ਕਲਪ ਦਾ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨਮਾਜਰਾ, ਜ਼ਿਲਾ ਸਿੱਖਿਆ ਅਫ਼ਸਰ (ਸ) ਸੁਸ਼ੀਲ ਕੁਮਾਰ ਤੁਲੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਪਿ੍ਰੰਸੀਪਲ ਸਰਬਜੀਤ ਸਿੰਘ, ਸਿੱਖਿਆ ਵਿਭਾਗ ਦੇ ਬੁਲਾਰੇ ਪਰਮੋਦ ਭਾਰਤੀ, ਜ਼ਿਲਾ ਮੀਡੀਆ ਕੋਆਰਡੀਨੇਟਰ ਨਿਰਮਲ ਸਿੰਘ ਤੋਂ ਇਲਾਵਾ ਸਟਾਫ ਮੈਂਬਰ, ਬੱਚਿਆਂ ਦੇ ਮਾਪੇ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।