ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਨੇ ਫਿਰ ਵਜਾਇਆ ਸੰਘਰਸ਼ ਦਾ ਬਿਗਲ
ਸੰਗਰੂਰ, 9 ਅਕਤੂਬਰ (ਨਿਊਜ਼ ਪੰਜਾਬ)- ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ, ਪੰਜਾਬ ਦੀ ਸੂਬਾ-ਕਮੇਟੀ ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 25 ਅਕਤੂਬਰ ਨੂੰ ਪਟਿਆਲਾ ਵਿਖੇ ਮੋਤੀ-ਮਹਿਲ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੋਸ਼ਲ ਮੀਡੀਆ ਇੰਚਾਰਜ ਸੰਦੀਪ ਗਿੱਲ, ਸੂਬਾ ਕਮੇਟੀ ਮੈਂਬਰ ਯੁੱਧ ਜੀਤ ਸਿੰਘ ਬਠਿੰਡਾ, ਰਣਬੀਰ ਸਿੰਘ ਨਦਾਮਪੁਰ, ਅਮਨ ਸੇਖਾ, ਰਾਜਵਿੰਦਰ ਕੌਰ ਸਮਾਣਾ, ਜੱਗੀ ਜੋਧਪੁਰ, ਅਮਨ ਬਾਵਾ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕੁਲਵੰਤ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂਕਿ ਇਨ੍ਹਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਇਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ‘ਚ ਵਾਧਾ ਕਰਨ ਕਰਨ ਅਤੇ ਉਮਰ-ਹੱਦ 37 ਤੋਂ 42 ਸਾਲ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।